ਬਰਨਾਲਾ:ਜ਼ਿਲ੍ਹੇ ਵਿੱਚ ਲਗਾਤਾਰ ਅਲੱਗ ਅਲੱਗ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਖਾਸ ਕਰਕੇ ਮੋਟਰਸਾਈਕਲ ਤੇ ਸਕੂਟਰ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਰੱਖੀ ਹੈ। ਉਥੇ ਪੁਲਿਸ ਪ੍ਰਸ਼ਾਸ਼ਨ ਨੇ ਹੁਣ ਸਖ਼ਤੀ ਕਰਦਿਆਂ ਮੋਟਰਸਾਈਕਲ ਚੋਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਚਲਾਈ ਹੈ। ਜਿਸ ਤਹਿਤ ਬਰਨਾਲਾ ਦੇ ਥਾਣਾ ਸਿਟੀ 2 ਦੀ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਚੋਰਾਂ ਤੋਂ ਪੁਲਿਸ ਨੇ 5 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਕਾਬੂ ਕੀਤੇ ਚੋਰ ਬਠਿੰਡਾ ਜਿਲ੍ਹੇ ਦੇ ਪਿੰਡਾਂ ਨਾਲ ਸਬੰਧਤ ਹਨ। ਜੋ ਬਰਨਾਲਾ ਸ਼ਹਿਰ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਬਠਿੰਡਾ ਜਿਲ੍ਹੇ ਵਿੱਚ ਵੇਚਦੇ ਆਏ ਹਨ।
ਚੋਰੀ ਦੀ ਯੋਜਨਾ ਬਣਾਉਦੇ ਚੋਰ ਕਾਬੂ: ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਬਰਨਾਲਾ ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ 25 ਫ਼ਰਵਰੀ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਬਰਨਾਲਾ ਸ਼ਹਿਰ ਦੀ ਲੱਖੀ ਕਾਲੋਨੀ ਵਿੱਚ ਮੋਟਰਸਾਈਕਲ ਚੋਰੀ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਉਪਰੰਤ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਪੀਸੀਆਰ ਭੇਜ ਕੇ ਚੋਰਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਚੋਰਾਂ ਦੀ ਪੁੱਛਗਿੱਛ ਦੇ ਆਧਾਰ 'ਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਜੋ ਭਗਤਾ ਭਾਈਕਾ ਤੋਂ ਚੋਰੀ ਹੋਇਆ ਸੀ। ਇਸ ਸਬੰਧੀ ਪੁਲਿਸ ਨੇ ਮੁਕੱਦਮਾ ਦਰਜ਼ ਕਰ ਲਿਆ ਸੀ। ਉਹਨਾਂ ਦੱਸਿਆ ਕਿ ਇਹਨਾ ਮੁਲਜ਼ਮਾਂ ਵਿੱਚ ਰਾਜਪਾਲ ਸਿੰਘ ਵਾਸੀ ਦਿਆਲਪੁਰਾ ਭਾਈਕਾ ਤੇ ਰਾਜਵਿੰਦਰ ਸਿੰਘ ਸਮਾਧ ਭਾਈਕਾ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਮੰਨਿਆ ਕਿ ਉਹ ਬਰਨਾਲਾ ਤੋਂ ਪਿਛਲੇ ਲੰਬੇ ਸਮੇਂ ਤੋਂ ਮੋਟਰਸਾਈਕਲ ਚੋਰੀ ਕਰ ਰਹੇ ਹਨ।