ਬਰਨਾਲਾ: ਕਸਬਾ ਮਹਿਲ ਕਲਾਂ ਦੇ ਵਿੱਚ ਉਭਰਦੇ ਹੋਏ ਪੰਜਾਬੀ ਗਾਇਕ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਨੇ ਪਿਤਾ ਸੁਖਦੇਵ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਹੈ। ਦੂਜੇ ਪਾਸੇ ਪੁਲਿਸ ਇਸ ਮਾਮਲੇ ਨੂੰ ਧਾਰਾ 174 ਦਾ ਮਾਮਲਾ ਦੱਸ ਰਹੀ ਹੈ।
ਖ਼ਬਰ ਦੇ ਅਨੁਸਾਰ ਕਸਬਾ ਮਹਿਲ ਕਲਾਂ ਦੇ 26 ਸਾਲਾਂ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ 8 ਸਾਲਾਂ ਵਿੱਚ ਇੱਕ ਕਰੋੜ ਰੁਪਏ ਦਾ ਨਸ਼ਾ ਕਰ ਚੁੱਕਾ ਸੀ। ਮਹਿਲ ਕਲਾਂ ਵਿੱਚ ਸ਼ਰੇਆਮ ਚਿੱਟਾ ਵੇਚਿਆਂ ਜਾ ਰਿਹਾ ਹੈ। ਪੁਲਿਸ ਨਸ਼ੇ ਨੂੰ ਰੋਕਣ ਵਿੱਚ ਅਸਫਲ ਸਾਬਤ ਹੋਈ ਹੈ। ਮ੍ਰਿਤਕ ਨੌਜਵਾਨ ਪੰਜਾਬੀ ਗਾਇਕ ਵੀ ਸੀ ਅਤੇ ਕੁਝ ਸਮੇਂ ਪਹਿਲਾਂ ਉਸ ਵੱਲੋਂ ਚਿੱਟੇ 'ਤੇ ਗਾਇਆ ਗਿਆ ਗੀਤ ਕਾਫੀ ਮਸ਼ਹੂਰ ਹੋਇਆ ਸੀ।
ਆਪਣੇ ਨੌਜਵਾਨ ਪੁੱਤਰ ਦੀ ਚਿੱਟੇ ਦੀ ਓਵਰਡੋਜ਼ ਕਾਰਨ ਹੋਈ ਮੌਤ ਤੋਂ ਦੁਖੀ ਸੁਖਦੇਵ ਸਿੰਘ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਬੀਤੀ ਸ਼ਾਮ ਉਸ ਦੇ ਪੁੱਤਰ ਨੇ ਨਸ਼ਾ ਕਰਨ ਲਈ ਸਰਿੰਜ ਆਪਣੀ ਬਾਂਹ ਵਿੱਚ ਲਗਾਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਉਸ ਨੇ ਖੁਦ ਆਪਣੇ ਹੱਥਾਂ ਨਾਲ ਆਪਣੇ ਪੁੱਤ ਦੀ ਬਾਂਹ ਵਿੱਚੋਂ ਨਸ਼ੇ ਦੀ ਸਰਿੰਜ ਕੱਢੀ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ 8 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਅਤੇ ਇਸ ਨਸ਼ੇ ਦੇ ਕਾਰਨ ਉਸਦੇ ਬੇਟੇ ਦੀ ਵਿਆਹੁਤਾ ਜ਼ਿੰਦਗੀ ਬਰਬਾਦ ਹੋ ਗਈ ਅਤੇ ਤਲਾਕ ਹੋ ਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਨਸ਼ੇ ਦੀ ਹੋਮ ਡਲਿਵਰੀ ਤੱਕ ਮਿਲ ਰਹੀ ਹੈ, ਪਰ ਪੁਲਿਸ ਅੱਖਾਂ ਬੰਦ ਕਰਕੇ ਤਮਾਸ਼ਾ ਦੇਖ ਰਹੀ ਹੈ। ਉਨ੍ਹਾਂ ਦੱਸਿਆ ਕਿ ਉਸਦਾ ਪੁੱਤਰ ਹਰ ਰੋਜ਼ ਪੰਜ ਹਜ਼ਾਰ ਰੁਪਏ ਦਾ ਨਸ਼ਾ ਕਰਦਾ ਸੀ।