ਬਰਨਾਲਾ: ਵਿਜੀਲੈਂਸ ਬਿਊਰੋ ਪਟਿਆਲਾ ਨੇ ਥਾਣਾ ਸਿਟੀ-2 ਬਰਨਾਲਾ ਦੇ 2 ਏਐਸਆਈ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਏਐਸਆਈ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਇੱਕ ਅਜੇ ਫ਼ਰਾਰ ਹੈ।
ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ, ਜਿਸ ਦੀ ਜ਼ਮੀਨ ਬਰਨਾਲਾ ਜ਼ਿਲ੍ਹੇ ਵਿੱਚ ਅਮਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਾਈਵਾਲਾ ਦੇ ਖੇਤ ਨਾਲ ਲਗਦੀ ਹੈ। ਜਿਸ ਨੂੰ ਗੁਰਜੀਤ ਸਿੰਘ ਜਦੋਂ ਆਪਣੇ ਟਰੈਕਟਰ ਨਾਲ ਵਾਹ ਰਿਹਾ ਸੀ। ਇਸ ਦੌਰਾਨ ਅਮਰ ਸਿੰਘ ਦੇ ਖੇਤ ਦੀ ਵੱਟ ਢਹਿ ਜਾਣ ਕਾਰਨ ਗੁਰਜੀਤ ਸਿੰਘ ਦਾ ਅਮਰ ਸਿੰਘ ਨਾਲ ਝਗੜਾ ਹੋ ਗਿਆ। ਜਿਸ ਉੱਤੇ ਅਮਰ ਸਿੰਘ ਨੇ ਗੁਰਜੀਤ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗੁਰਜੀਤ ਸਿੰਘ ਨੇ ਥਾਣਾ-2 ਦੇ ਵਿੱਚ ਜਾ ਕੇ ਅਮਰ ਸਿੰਘ ਉਰਫ਼ ਸੋਨੀ ਵਿਰੁੱਧ ਏ.ਐੱਸ.ਆਈ. ਹਾਕਮ ਸਿੰਘ ਅਤੇ ਮਨੋਹਰ ਸਿੰਘ ਕੋਲ ਦਰਖ਼ਾਸਤ ਦਿੱਤੀ। ਇਸ ਦੇ ਬਾਵਜੂਦ ਏ.ਐੱਸ.ਆਈ ਨੇ ਕੋਈ ਕਾਰਵਾਈ ਨਹੀਂ ਕੀਤੀ, ਬਲਕਿ ਗੁਰਜੀਤ ਸਿੰਘ ਦਾ ਟਰੈਕਟਰ 5911 ਨੂੰ ਥਾਣੇ ਲੈ ਆਏ।
ਗੁਰਜੀਤ ਸਿੰਘ ਆਪਣੀ ਦਰਖ਼ਾਸਤ ਉੱਤੇ ਕਾਰਵਾਈ ਅਤੇ ਆਪਣਾ ਟਰੈਕਟਰ ਛਡਵਾਉਣ ਲਈ ਉਕਤ ਦੋਵੇਂ ਏਐੱਸਆਈ ਨੂੰ 19 ਅਕਤੂਬਰ, 2020 ਨੂੰ ਮਿਲਿਆ। ਏਐਸਆਈ ਨੇ ਮੁੱਦਈ ਨਾਲ ਹਮ-ਮਸ਼ਵਰਾ ਹੋ ਕੇ ਦਰਖ਼ਾਸਤ ਉੱਤੇ ਕਾਰਵਾਈ ਕਰਨ ਅਤੇ ਟਰੈਕਟਰ ਛੱਡਣ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜੋ ਬਾਅਦ ਵਿੱਚ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਲਈ ਰਾਜੀ ਹੋ ਗਏ।
ਪ੍ਰੰਤੂ ਮੁੱਦਈ ਗੁਰਜੀਤ ਸਿੰਘ ਤੋਂ ਸਿਰਫ਼ 15,000 ਰੁਪਏ ਦਾ ਪ੍ਰਬੰਧ ਹੋ ਸਕਿਆ। ਇਸ ਦੌਰਾਨ ਡੀਐਸਪੀ ਸੁਰਿੰਦਰ ਪਾਲ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਨੇ ਸਰਕਾਰੀ ਗਵਾਹ ਡਾਕਟਰ ਚਰਨਜੀਤ ਸਿੰਘ ਦੀ ਹਾਜ਼ਰੀ ਵਿੱਚ ਏਐਸਆਈ ਮਨੋਹਰ ਸਿੰਘ ਨੂੰ 15 ਹਜ਼ਾਰ ਰੁਪਏ ਲੈਂਦਿਆਂ ਕਾਬੂ ਕਰ ਲਿਆ। ਜਦਕਿ ਹਾਕਮ ਸਿੰਘ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਦੋਵੇਂ ਏ.ਐੱਸ.ਆਈ ਵਿਰੁੱਧ ਮੁਕੱਦਮਾ ਦਰਜ ਕਰ ਕਾਰਵਾਈ ਆਰੰਭ ਦਿੱਤੀ ਹੈ।