ਬਰਨਾਲਾ: ਇਸ ਮੌਕੇ ਗੱਲਬਾਤ ਕਰਦਿਆਂ ਫ਼ਸਲ ਦੇ ਨੁਕਸਾਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂਘਰ ਦੇ ਸਪੀਕਰ ਤੋਂ ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਿਆ। ਉਨ੍ਹਾਂ ਵੱਲੋਂ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕੀਤੀ ਜਾ ਰਹੀ ਹੈ। ਪਰ ਅੱਜ ਅੱਗ ਲੱਗਣ ਨਾਲ ਉਸ ਦਾ ਵੱਡਾ ਨੁਕਸਾਨ ਹੋਇਆ ਹੈ, ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪਰ ਕਿਸਾਨਾਂ ਵੱਲੋਂ ਅੱਗ ਤੇ ਕਾਬੂ ਆਪਣੇ ਪੱਧਰ ਤੇ ਪਾਇਆ ਗਿਆ ਹੈ ਉਨ੍ਹਾਂ ਸਰਕਾਰ ਤੋਂ ਅੱਗ ਲੱਗਣ ਨਾਲ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ।
ਬਰਨਾਲਾ ਦੇ ਪਿੰਡ ਕੈਰੇ ਅੱਗ ਦੀ ਭੇਂਟ ਚੜ੍ਹੀ 19 ਏਕੜ ਖੜ੍ਹੀ ਕਣਕ
ਕਣਕ ਦੀ ਵਾਢੀ ਦਾ ਪੰਜਾਬ ਵਿੱਚ ਸੀਜ਼ਨ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ, ਪਰ ਇਸ ਦਰਮਿਆਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੈਰੇ ਵਿਖੇ ਮੰਦਭਾਗੀ ਘਟਨਾ ਵਾਪਰ ਗਈ। ਜਿੱਥੇ ਅਚਾਨਕ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗਣ ਦਾ ਵੱਡਾ ਨੁਕਸਾਨ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਆਪਣੇ ਪੱਧਰ 'ਤੇ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਗਏ। ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਕਿਸਾਨਾਂ ਵੱਲੋਂ ਲਗਪਗ ਅੱਗ ਤੇ ਕਾਬੂ ਪਾ ਲਿਆ ਗਿਆ। ਕਣਕ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਰ ਅੱਗ ਬੁਝਾਉਣ ਤੱਕ 19 ਏਕੜ ਦੇ ਕਰੀਬ ਕਣਕ ਦੀ ਖੜ੍ਹੀ ਫਸਲ ਮੱਚ ਕੇ ਸੁਆਹ ਹੋ ਗਈ। ਜਦਕਿ ਚਾਲੀ ਏਕੜ ਦੇ ਕਰੀਬ ਤੂੜੀ ਦਾ ਟਾਂਗਰ ਸੜ ਗਿਆ। ਫ਼ਸਲ ਦੇ ਨੁਕਸਾਨ ਬਾਰੇ ਕਿਸਾਨਾਂ ਵੱਲੋਂ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕੀਤੀ ਜਾ ਰਹੀ ਸੀ। ਕਿਸਾਨ ਯੂਨੀਅਨ ਵੱਲੋਂ ਇਸ ਹੋਏ ਨੁਕਸਾਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਉਧਰ ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅੱਗ ਲੱਗਣ ਉਪਰੰਤ ਉਨ੍ਹਾਂ ਵੱਲੋਂ ਗੁਰੂ ਘਰ ਦੇ ਸਪੀਕਰ ਤੋਂ ਅਨਾਉਂਸਮੈਂਟ ਕੀਤੀ ਗਈ। ਜਿਸ ਤੋਂ ਬਾਅਦ ਚਾਰ ਪੰਜ ਪਿੰਡਾਂ ਦੇ ਕਿਸਾਨ ਆਪੋ ਆਪਣੇ ਸਾਧਨ ਲੈ ਕੇ ਅੱਗ ਬੁਝਾਉਣ ਲਈ ਪਹੁੰਚ ਗਏ। ਕਿਸਾਨਾਂ ਵੱਲੋਂ ਆਪਣੇ ਪੱਧਰ 'ਤੇ ਆਪਣੇ ਸਾਧਨਾਂ ਰਾਹੀਂ ਅੱਗ ਤੇ ਕਾਬੂ ਪਾਇਆ ਗਿਆ। ਜਦਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੋਂ ਪਹਿਲਾਂ ਅੱਗ ਬੁੱਝ ਚੁੱਕੀ ਸੀ। ਉਨ੍ਹਾਂ ਦੱਸਿਆ ਕਿ 18 ਤੋਂ 19 ਏਕੜ ਕਿਸਾਨਾਂ ਦੀ ਖਡ਼੍ਹੀ ਫ਼ਸਲ ਮੱਚ ਗਈ ਹੈ। ਜਦ ਕਿ ਚਾਲੀ ਏਕੜ ਦੇ ਕਰੀਬ ਤੂੜੀ ਦਾ ਟਾਂਗਰ ਵੀ ਅੱਗ ਦੀ ਭੇਂਟ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਅੱਗ ਦੀ ਭੇਟ ਚੜ੍ਹੀ ਹੈ ਉਹ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ ਜਿਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਜੇਕਰ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਤੌਰ ਤੇ ਸੰਘਰਸ਼ ਕਰਨਗੇ।