ਬਰਨਾਲਾ: ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਕੀਤੀ ਗਈ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ (Recruitment of 1158 Assistant Professors and Librarians) ਨੂੰ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰੱਦ ਕਰ ਦਿੱਤਾ ਗਿਆ। ਜਿਸ ਲਈ ਸਹਾਇਕ ਪ੍ਰੋਫ਼ੈਸਰਾਂ ਵਲੋਂ ਪੰਜਾਬ ਸਰਕਾਰ ਦੀ ਢਿੱਲੀ ਪੈਰਵਾਈ ਨੂੰ ਜਿੰਮੇਵਾਰ ਠਹਿਰਾਇਆ ਗਿਆ। ਇਸ ਮਸਲੇ ਨੂੰ ਲੈ ਕੇ ਕੁੱਝ ਦਿਨ ਪਹਿਲਾਂ ਪ੍ਰਭਾਵਿਤ ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Higher Education Minister Gurmeet Singh Meet Here) ਦੀ ਬਰਨਾਲਾ ਰਿਹਾਇਸ 'ਤੇ ਪਹੁੰਚੇ ਸਨ।
ਜਿੱਥੇ ਬੈਰੀਕੇਡਿੰਗ ਤੇ ਪੁਲਿਸ ਨਾਲ ਕਾਫ਼ੀ ਧੱਕਾਮੁੱਕੀ ਹੋਣ ਤੋਂ ਬਾਅਦ ਲਾਠੀਚਾਰਜ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਮੁੜ ਐਤਵਾਰ ਨੂੰ ਸਹਾਇਕ ਪ੍ਰੋਫ਼ੈਸਰ ਆਪਣੀ ਮੁੜ ਬਹਾਲੀ ਲਈ ਮੀਤ ਹੇਅਰ ਦੇ ਸ਼ਹਿਰ ਬਰਨਾਲਾ ਵਿੱਚ ਪ੍ਰਦਰਸ਼ਨ (Demonstration in the town of Barnala in Meet Hare) ਕਰਨ ਲਈ ਸੜਕਾਂ 'ਤੇ ਉਤਰੇ। ਸਿੱਖਿਆ ਦੇ ਖ਼ੇਤਰ ਵਿੱਚ ਸਭ ਤੋਂ ਉਚੇਰੀਆਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਵੀ ਨੌਕਰੀ ਦੀ ਸਕਿਊਰਟੀ ਨਾ ਹੋਣ ਕਾਰਨ ਪ੍ਰਭਾਵਿਤ ਲੋਕ ਸਰਕਾਰ ਅਤੇ ਸਿਸਟਮ ਨੂੰ ਸਵਾਲ ਕਰ ਰਹੇ ਹਨ।
ਪੀਐਚਡੀ, ਐਮਫਿ਼ਲ, ਡਬਲ ਐਮਏ, ਨੈਟ, ਟੈਟ ਵਰਗੀਆਂ ਉਚੇਰੀਆ ਪੜ੍ਹਾਈਆਂ ਕਰਨ ਤੋਂ ਬਾਅਦ ਵੀ ਨੌਕਰੀ ਲਈ ਸੜਕਾਂ 'ਤੇ ਬੈਠਣ ਲਈ ਇਹ ਲੋਕ ਮਜ਼ਬੂਰ ਹਨ। ਜਿਸ ਕਰਕੇ ਸਾਡੇ ਸਿਸਟਮ 'ਤੇ ਸਵਾਲ ਤਾਂ ਉਠਦਾ ਹੀ ਹੈ। ਇਸ ਭਰਤੀ ਦੇ ਰੱਦ ਹੋਣ ਤੋਂ ਪ੍ਰਭਾਵਿਤ ਕੁੱਝ ਲੋਕ ਅਜਿਹੇ ਹਨ, ਜੋ ਗਰੀਬ ਪਰਿਵਾਰਾਂ ਵਿੱਚੋਂ ਉਠ ਕੇ ਇਸ ਮੁਕਾਮ ਤੱਕ ਪਹੁੰਚੇ ਸਨ ਅਤੇ ਅੱਜ ਉਹਨਾਂ ਨੂੰ ਆਪਣੀ ਮਿਹਨਤ ਤੇ ਪਾਣੀ ਫਿ਼ਰਦਾ ਦਿਖਾਈ ਦੇ ਰਿਹਾ ਹੈ।
ਸਰਕਾਰ ਦੱਸੇ ਕਿ ਨੌਕਰੀਆਂ ਦੇਣਗੇ ਜਾ ਨੌਜਵਾਨ ਕਰਨ ਵਿਦੇਸ਼ ਦਾ ਰੁਖ: ਡਾ.ਪਰਮਜੀਤ ਕੌਰਫਿਜੀਕਲ ਐਜੂਕੇਸ਼ਨ ਦੀ ਸਹਾਇਕ ਪ੍ਰੋਫ਼ੈਸਰ ਚੁਣੀ ਗਈ। ਡਾ.ਪਰਮਜੀਤ ਕੌਰ ਨੇ ਕਿਹਾ ਕਿ ਉਹਨਾਂ ਦੀ ਨਿੱਜੀ ਜਿੰਦਗੀ ਪਹਿਲਾਂ ਹੀ ਅਨੇਕਾਂ ਸਮੱਸਿਆਵਾਂ ਵਿੱਚੋਂ ਨਿਕਲ ਕੇ ਆਈ ਹੈ। ਉਨ੍ਹਾਂ ਦੱਸਿਆ ਮੈਂ ਤਿੰਨ ਵੱਖ ਵੱਖ ਭਰਤੀਆਂ ਵਿੱਚ ਚੁਣੀ ਗਈ, ਜੋ ਰੱਦ ਹੋ ਗਈਆਂ। ਸਭ ਤੋਂ ਪਹਿਲਾਂ ਲੈਕਚਰਾਰ ਦੇ ਤੌਰ 'ਤੇ 2014 ਵਿੱਚ ਭਰਤੀ ਹੋਈ। ਡੀਪੀਈ ਦੀ ਭਰਤੀ ਦੇ ਪੇਪਰ ਦਿੱਤੇ ਪਰ ਉਸਦਾ ਨਤੀਜਾ ਹੀ ਨਹੀਂ ਆਇਆ। ਹੁਣ ਸਰਕਾਰੀ ਕਾਲਜ ਵਿੱਚ ਸਹਾਇਕ ਪ੍ਰੋਫ਼ੈਸਰ ਦੇ ਤੌਰ ਤੇ ਭਰਤੀ ਹੋਈ। ਪਰ 9 ਮਹੀਨੇ ਨੌਕਰੀ ਕਰਨ ਤੋਂ ਬਾਅਦ ਭਰਤੀ ਰੱਦ ਹੋ ਗਈ।
ਹੁਣ ਇਸ ਸਿਸਟਮ ਤੋਂ ਤੰਗ ਆ ਕੇ ਮੇਰੇ ਪਤੀ ਨੇ ਵਿਦੇਸ਼ ਜਾਣ ਦਾ ਫ਼ੈਸਲਾ ਲਿਆ ਹੈ। ਮੇਰੇ ਪਤੀ ਨੇ ਆਈਲੈਟਸ ਦਾ ਪੇਪਰ ਦੇ ਕੇ 8 ਬੈਂਡ ਲਏ ਹਨ ਅਤੇ ਮੈਂ ਆਈਲੈਟਸ ਕਰ ਰਹੀ ਸੀ। ਪਰ ਇੱਥੇ ਨੌਕਰੀ ਮਿਲਣ ਤੋਂ ਬਾਅਦ ਇੱਧਰ ਰਹਿਣ ਦੀ ਸੋਚੀ। ਪਰ ਭਰਤੀ ਰੱਦ ਹੋਣ ਕਰਕੇ ਹੁਣ ਮੁੜ ਵਿਦੇਸ਼ ਜਾਣ ਦੀ ਸੋਚ ਰਹੇ ਹਾਂ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਦਿਆਂ ਕਿਹਾ ਕਿ ਸਰਕਾਰ ਸਾਨੂੰ ਕਲੀਅਰ ਕਰ ਦੇਵੇ ਕਿ ਜੇਕਰ ਸਾਡੇ ਲਈ ਇੱਥੇ ਯੋਗ ਰੁਜ਼ਗਾਰ ਨਹੀਂ ਹੈ ਤਾਂ ਅਸੀਂ ਕੈਨੇਡਾ ਜਾ ਕੇ ਆਪਣੀ ਭਵਿੱਖ ਸੁਰੱਖਿਅਤ ਕਰ ਸਕੀਏ। ਉਹਨਾਂ ਕਿਹਾ ਕਿ ਇੱਝ ਲੱਗ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਨਹੀਂ ਬਲਕਿ ਖਾਸ ਆਦਮੀ ਦੀ ਸਰਕਾਰ ਚੱਲ ਰਹੀ ਹੈ।