ਅੰਮ੍ਰਿਤਸਰ:ਜੰਡਿਆਲਾ ਗੁਰੂ ਸ਼ਹਿਰ ਦੇ ਵੱਖ-ਵੱਖ ਬਾਜ਼ਰਾਂ ਅੰਦਰ ਯੁਵਾ ਪਰਿਵਾਰ ਸੇਵਾ ਸਮਿਤੀ ਵਾਈਪੀਐਸਐਸ ਦੇ ਵਲੰਟੀਅਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਜਾ ਰਿਹਾ ਹੈ। ਉਨ੍ਹਾਂ ਵੱਲੋਂ ਹੱਥਾਂ ਵਿੱਚ ਭੜਕਾਊ ਗਾਣੇ ਬੰਦ ਕਰੋ, ਲੱਚਰ ਗਾਣੇ ਬੰਦ ਕਰੋ, ਨਸ਼ਾ ਗੀਤਾਂ ਵਿੱਚ ਬੋਲ ਬੰਦ ਕਰੋ ਆਦਿ ਸਲੋਗਨ ਲਿਖੀਆਂ ਤਖਤੀਆਂ ਹੱਥਾਂ ਵਿੱਚ ਫੜ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਦੂਜੀ ਤਰਫ ਇਸ ਮੁੱਦੇ ਤੇ ਸਮਰਥਨ ਲੈਣ ਲਈ ਲੋਕਾਂ ਕੋਲੋਂ ਇੱਕ ਸੰਕਲਪ ਪੱਤਰ ਤੇ ਦਸਤਖ਼ਤ ਵੀ ਕਰਵਾਏ ਗਏ। ਸੰਸਥਾ ਦੇ ਆਗੂਆਂ ਨੇ ਦੱਸਿਆ ਕੀ ਇਹ ਦਸਤਖ਼ਤ ਕੀਤੇ ਸੰਕਲਪ ਪੱਤਰ ਸਰਕਾਰੇ ਦਰਬਾਰੇ ਅਤੇ ਮੀਡੀਆ ਵਿਚ ਗਵਾਹੀ ਭਰਨ ਦਾ ਕੰਮ ਕਰਨਗੇ ਕਿ ਆਮ ਜਨਤਾ ਇਨ੍ਹਾਂ ਹਿੰਸਕ ਅਤੇ ਲੱਚਰ ਗੀਤਾਂ ਤੋਂ ਕਿੰਨਾ ਕੁ ਪਰੇਸ਼ਾਨ ਹੈ।
ਹਿੰਸਕ ਭੜਕਾਓ ਲੱਚਰ ਅਤੇ ਨਸ਼ਾ ਪ੍ਰੋਮੋਟ ਕਰਨ ਵਾਲੇ ਗੀਤਾਂ ਤੇ ਨੱਥ ਪਾਉਣ ਦੀ ਟਿੱਚਾ:ਜੰਡਿਆਲਾ ਗੁਰੂ ਵਿੱਚ ਮਾਰਚ ਕਰ ਰਹੇ ਵਾਈਪੀਐਸਐਸ ਦੇ ਮੈਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਸੰਸਥਾ 15 ਸਾਲ ਤੋ ਕੰਮ ਕਰ ਰਹੀ ਹੈ। ਜਿਸ ਦਾ ਟੀਚਾ ਅਜਿਹੇ ਹਿੰਸਕ ਭੜਕਾਓ ਲੱਚਰ ਅਤੇ ਨਸ਼ਾ ਪ੍ਰੋਮੋਟ ਕਰਨ ਵਾਲੇ ਗੀਤਾਂ ਤੇ ਨੱਥ ਪਾਉਣਾ ਹੈ। ਜਿਹਨਾਂ ਕਰਕੇ ਪੰਜਾਬ ਗੈਂਗਸਟਰਵਾਦ ਗੁੰਡਾਰਾਜ ਅਸ਼ਲੀਲਤਾ ਅਤੇ ਅਰਾਜਕਤਾ ਦੇ ਦੌਰ ਵੱਲ ਵੱਧ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਸ਼ਰੇਆਮ ਹੋ ਰਹੇ ਕਤਲਾਂ ਦੀਆਂ ਘਟਨਾਵਾਂ ਦੇ ਨਤੀਜੇ ਵੱਜੋਂ ਪੰਜਾਬ ਦੀ ਛਵੀ ਪੂਰੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾ ਵਿਚ ਵੀ ਖ਼ਰਾਬ ਹੁੰਦੀ ਜਾ ਰਹੀ ਹੈ।
'ਪੰਜਾਬ ਛੱਡ ਦੂਸਰੀਆਂ ਸਟੇਟਾਂ ਵੱਲ ਭੱਜ ਰਿਹਾ ਹੈ ਪੰਜਾਬ ਦਾ ਵਪਾਰੀ':ਉਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਫਿਰੌਤੀਆਂ ਦੇ ਮਾਮਲੇ ਇਸ ਕਦਰ ਵੱਧ ਰਹੇ ਹਨ ਕਿ ਪੰਜਾਬ ਦਾ ਵਪਾਰੀ ਪੰਜਾਬ ਛੱਡ ਦੂਸਰੀਆਂ ਸਟੇਟਾਂ ਵੱਲ ਭੱਜ ਰਿਹਾ ਹੈ। ਹੋਰ ਤੇ ਹੋਰ ਧਰਮ ਜਾਤ ਅਤੇ ਅਣਖਾਂ ਦੀਆਂ ਲੜਾਈਆਂ ਏਨੀਆਂ ਜਿਆਦਾ ਵੱਧ ਗਈਆਂ ਹਨ ਕਿ ਇੱਕ ਆਮ ਵਿਅਕਤੀ ਵੀ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ ਹੈ।