ਅੰਮ੍ਰਿਤਸਰ: ਜ਼ਿਲ੍ਹੇ 'ਚ ਦਿਨੋ ਦਿਨ ਅਪਰਾਧ ਵਧ ਰਹੇ ਹਨ। ਜਿਸ ਨੂੰ ਲੈ ਕੇ ਪੁਲਿਸ ਵੀ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ ਤਾਂ ਜੋ ਅਪਰਾਧਾਂ ਨੂੰ ਥੋੜ੍ਹੀ ਠੱਲ ਪਾਈ ਜਾ ਸਕੇ। ਇਸੇ ਦੇ ਤਹਿਤ ਹੀ ਅੰਮ੍ਰਿਤਸਰ ਪੁਲਿਸ ਨੇ ਇੱਕ ਗਿਰੋਹ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਅਜਨਾਲਾ ਪੁਲਿਸ ਵੱਲੋਂ ਦੋ ਵਿਆਕਤੀਆਂ ਨੂੰ ਨਾਜਾਇਜ਼ ਪਿਸਟਲ, ਖਾਲੀ ਮੈਗਜ਼ੀਨ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਵਿੱਪਨ ਕੁਮਾਰ ਨੇ ਦੱਸਿਆ ਕਿ ਥਾਣਾ ਝੰਡੇਰ ਦੀ ਪੁਲਿਸ ਵੱਲੋਂ ਮੁਖ਼ਬਰ ਦੀ ਇਤਲਾਹ ’ਤੇ ਕੰਦੋਵਾਲੀ ਵਿੱਚ 2 ਨੌਜਵਾਨ ਮੋਟਰਸਾਈਕਲ ’ਤੇ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਸਨ। ਚੈਕਿੰਗ ਦੌਰਾਨ ਉਨ੍ਹਾਂ ਅਪਣਾ ਨਾਮ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਹੁਸਨਦੀਪ ਸਿੰਘ ਉਰਫ਼ ਹੁਸਨ ਦੱਸਿਆ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਤਲਾਸ਼ੀ ਲੈਣ ਤੇ ਇੱਕ 32 ਬੋਰ ਦਾ ਦੇਸ਼ੀ ਪਿਸਟਲ ਅਤੇ 2 ਜਿੰਦਾ ਰੌਂਦ ਬਰਾਮਦ ਹੋਏ ਹਨ। ਹੁਸਨਦੀਪ ਸਿੰਘ ਕੋਲੋਂ 32 ਬੋਰ ਦੇ ਦੋ ਖਾਲੀ ਮੈਗਜ਼ੀਨ ਬਰਾਮਦ ਹੋਏ।