ਅੰਮ੍ਰਿਤਸਰ:ਪੰਜਾਬ ਵਿੱਚ ਛੇਵੇ ਦਰਿਆ ਨਸ਼ੇ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਇਸ ਕਦਰ ਬਰਬਾਦ ਕਰਕੇ ਰੱਖ ਦਿੱਤਾ ਹੈ ਕਿ ਨਿੱਤ ਦਿਨ ਨੌਜਵਾਨ ਪੀੜੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ। ਪਰ ਉੱਥੇ ਹੀ ਇਹਨਾਂ ਹਾਲਾਤਾਂ ਨੂੰ ਵੇਖਕੇ ਇਹਨੋਂ ਵਿੱਚੋਂ ਕੁੱਝ ਨੌਜਵਾਨ ਜਾਗਰੂਕ ਹੋਕੇ ਨਸ਼ੇ ਖ਼ਿਲਾਫ਼ ਉੱਠ ਖੜ੍ਹੇ ਹੋ ਗਏ ਹਨ। ਇਸੇ ਨਸ਼ੇ ਦੇ ਦਰਿਆ ਨੂੰ ਬੰਨ੍ਹ ਪਾਉਣ ਲਈ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਉੱਤੇ ਇਲਾਕੇ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਰਾਤ ਨੂੰ ਸੋਟੀਆਂ ਫੜ੍ਹ ਕੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਤੇ ਇੱਕ ਬੋਰਡ ਵੀ ਲਿਖ ਕੇ ਲਗਾ ਦਿੱਤਾ ਹੈ ਕਿ ਇਸ ਇਲਾਕੇ ਵਿੱਚ ਨਸ਼ਾ ਵੇਚਣ ਵਾਲੀਆਂ ਉੱਤੇ ਸਖ਼ਤ ਪਾਬੰਦੀ ਹੈ।
ਨਸ਼ੇ ਨਾਲ ਕਈ ਘਰ ਹੋਏ ਤਬਾਹ:ਇਸ ਦੌਰਾਨ ਪਹਿਰਾ ਦੇ ਰਹੇ ਨੌਜਵਾਨਾਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਨਸ਼ਾ ਪੰਜਾਬ ਦੇ ਨੌਜਵਾਨਾਂ ਦੀਆਂ ਜੜ੍ਹਾਂ ਵਿੱਚ ਵੜ੍ਹ ਗਿਆ ਹੈ, ਉਹਨਾਂ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਸਾਡੇ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅਸੀਂ ਇਸ ਨਸ਼ੇ ਦੇ ਨਾਲ ਕਈ ਘਰ ਤਬਾਹ ਹੁੰਦੇ ਤੇ ਰੋਂਦਿਆ ਮਾਵਾਂ-ਭੈਣਾਂ ਨੂੰ ਵੇਖਿਆ ਹੈ। ਇਸ ਕਰਕੇ ਅਸੀ ਇਹ ਆਪਣੇ ਇਲਾਕੇ ਤੋਂ ਸ਼ੁਰੂਆਤ ਕੀਤੀ ਹੈ।
ਨੌਜਵਾਨਾਂ 'ਚ ਪੰਜਾਬ ਦੇ ਲਈ ਕੁੱਝ ਕਰਨ ਦਾ ਜ਼ਜ਼ਬਾ ਕਿਵੇਂ ਹੋਇਆ ਪੈਦਾ:ਨੌਜਵਾਨਾਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਸਾਡੇ ਇਲਾਕੇ ਵਿੱਚ ਸਾਰਾ ਦਿਨ ਰੇਲਵੇ ਲਾਈਨਾਂ ਵਾਲੀ ਸਾਈਡ ਉੱਤੇ ਨੌਜਵਾਨ ਮੁੰਡੇ-ਕੁੜੀਆਂ ਨਸ਼ੇ ਵਿੱਚ ਝੂਮਦੇ ਵੇਖਦੇ ਸੀ ਅਤੇ ਕਈ ਉੱਥੇ ਗੰਦਗੀ ਦੇ ਕੋਲ ਚੰਗੇ ਘਰਾਂ ਦੇ ਨੌਜਵਾਨ ਡਿੱਗੇ ਪਏ ਹੁੰਦੇ ਸਨ। ਜਿਸਦੇ ਚੱਲਦੇ ਸਾਡੇ ਨੌਜਵਾਨਾਂ ਦੇ ਮਨਾਂ ਵਿੱਚ ਆਪਣੇ ਇਲਾਕੇ ਅਤੇ ਪੰਜਾਬ ਦੇ ਲਈ ਕੁੱਝ ਕਰਨ ਦਾ ਜਜ਼ਬਾ ਪੈਦਾ ਹੋਇਆ, ਜਿਸ ਦੀ ਸ਼ੁਰੂਆਤ ਅਸੀਂ ਆਪਣੇ ਇਲਾਕੇ ਤੋਂ ਸ਼ੁਰੂ ਕੀਤੀ ਹੈ।