ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਬੀਤੇ ਦਿਨ ਦੇਰ ਰਾਤ ਮੋਟਰਸਾਈਕਲ ਸਾਈਡ ਉੱਤੇ ਲਗਾਉਣ ਨੂੰ ਲੈ ਕੇ ਨੌਜਵਾਨਾਂ ਵਿੱਚ ਤਕਰਾਰ ਹੋਈ ਅਤੇ ਇਹ ਤਕਰਾਰ ਇੰਨੀ ਜ਼ਿਆਦਾ ਵਧ ਗਈ ਇੱਕ ਨੌਜਵਾਨ ਝਗੜੇ ਦੌਰਾਨ ਆਪਣੀ ਜਾਨ ਗੁਆਉਣੀ ਪਈ। ਦੱਸ ਦਈਏ ਮਾਮਲਾ ਅੰਮ੍ਰਿਤਸਰ ਦੇ ਖ਼ਜ਼ਾਨੇ ਵਾਲ਼ੇ ਗੇਟ ਦੀ ਵਰਿਆਮ ਸਿੰਘ ਕਾਲੋਨੀ ਦਾ ਹੈ ਜਿੱਥੇ ਦੇਰ ਰਾਤ ਇਕ ਨੋਜਵਾਨ ਵੱਲੋ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਖੜ੍ਹਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਕਾਰ ਸਵਾਰ ਨੌਜਵਾਨਾਂ ਨੇ ਮ੍ਰਿਤਕ ਬਲਵਿੰਦਰ ਸਿੰਘ ਨੂੰ ਮੋਟਰਸਾਈਕਲ ਸੜਕ ਵਿੱਚੋਂ ਹਟਾਉਣ ਲਈ ਆਖਿਆ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਕੋਲੋਂ ਮੋਟਰਸਾਈਕਲ ਹਟਾਉਣ ਵਿੱਚ ਥੋੜ੍ਹੀ ਦੇਰੀ ਹੋ ਗਈ ਅਤੇ ਇੰਨੀ ਦੇਰ ਵਿੱਚ ਕਾਰ ਸਵਾਰ ਨੌਜਵਾਨ ਉਸ ਦੇ ਭਰਾ ਨਾਲ ਝਗੜਾ ਕਰਨ ਲੱਗ ਪਏ।
ਬੋਤਲਾਂ ਅਤੇ ਲੋਹੇ ਦੀ ਰਾਡ ਨਾਲ ਕਾਤਲਾਨਾ ਹਮਲਾ: ਮ੍ਰਿਤਕ ਦੇ ਭਰਾ ਲਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਸ ਦਾ ਭਰਾ ਅੰਦਰ ਤੋਂ ਮੋਟਰਸਾਈਕਲ ਦੀ ਚਾਬੀ ਲੈਕੇ ਆਇਆ ਤਾਂ ਕਾਰ ਸਵਾਰਾਂ ਨੇ ਗਲੀ ਵਿੱਚ ਉੱਚੀ ਉੱਚੀ ਝਗੜਾ ਸ਼ੁਰੂ ਕਰ ਦਿੱਤਾ ਪਰ ਇੰਨੀ ਦੇਰ ਵਿੱਚ ਇਲਾਕਾ ਵਾਸੀਆਂ ਨੇ ਕਾਰ ਸਵਾਰਾਂ ਨੂੰ ਸਮਝਾ ਕੇ ਭੇਜ ਦਿੱਤਾ। ਮ੍ਰਿਤਕ ਦੇ ਭਰਾ ਮੁਤਾਬਿਕ ਕਾਰ ਸਵਾਰ ਝਗੜੇ ਤੋਂ ਬਾਅਦ ਮੁੜ ਤੋਂ ਉਨ੍ਹਾਂ ਦੇ ਘਰ ਆਏ ਅਤੇ ਗੇਟ ਉੱਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਜਦੋਂ ਮੇਰਾ ਭਰਾ ਬਾਹਰ ਨਿਕਲਿਆਂ ਤਾਂ ਕਾਰ ਸਵਾਰਾਂ ਨੇ ਉਸ ਦੇ ਭਰਾ ਦੇ ਸਿਰ ਉੱਤੇ ਬੀਅਰ ਦੀ ਬੋਤਲਾਂ ਅਤੇ ਲੋਹੇ ਦੀ ਰਾਡ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰ ਵਿੱਚ ਸੱਟ ਲੱਗਣ ਕਰਕੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ । ਨਾਲ ਹੀ ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੀ 13 ਸਾਲ ਦੀ ਕੁੜੀ ਨੂੰ ਵੀ ਬੋਤਲ ਮਾਰ ਕੇ ਜ਼ਖ਼ਮੀ ਕਰ ਦਿੱਤਾ। ਮ੍ਰਿਤਕ ਦੇ ਭਰਾ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।