ਅੰਮ੍ਰਿਤਸਰ:ਸ਼ਹਿਰ ਚੋਂ ਲਗਾਤਾਰ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨੇ ਪੁਲਿਸ ਪ੍ਰਸ਼ਾਸਨ ਦੀ ਚਿੰਤਾ ਨੂੰ ਵਧਾਇਆ ਹੋਇਆ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਮਜੀਠਾ ਰੋਡ ਦੀ ਪਾਵਰ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਨੌਜਵਾਨਾਂ ਨੇ ਇਕ ਨੌਜਵਾਨ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਸੈਰ ਕਰਨ ਗਏ ਦੋ ਭਰਾਵਾਂ ’ਤੇ ਦੋ ਨੌਜਵਾਨਾਂ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਨਵਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਗੋਲੀ ਲੱਗੀ। ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।
ਮਾਮਲੇ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਸੰਦੀਪ ਗਟੂ ਅਤੇ ਵਿਨੀਤ ਪੰਡਿਤ ਵੱਲੋਂ ਉਨ੍ਹਾਂ ਦੇ ਬੇਟੇ ’ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸੰਦੀਪ ਗਟੂ ਨਾਂ ਦੇ ਵਾਂਟੇਡ ਬੰਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਿਸ ਕਾਰਨ ਉਸਨੇ ਮੁੜ ਤੋਂ ਉਨ੍ਹਾਂ ਦੇ ਬੇਟੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਪੀੜਤ ਦੀ ਮਾਂ ਨੇ ਦੱਸਿਆ ਕਿ ਉਸਦੇ ਬੇਟੇ ਨੂੰ ਇੱਕ ਗੋਲੀ ਢਿੱਡ ਤੇ ਲੱਗੀ ਹੈ ਅਤੇ ਇਕ ਵੱਖੀ ’ਤੇ ਲੱਗੀ ਹੈ। ਫਿਲਹਾਲ ਉਸਦਾ ਇਲਾਜ ਚਲ ਰਿਹਾ ਹੈ।