ਅੰਮ੍ਰਿਤਸਰ: ਖਾੜੀ ਦੇਸ਼ਾਂ ਅੰਦਰ ਕੰਮ ਕਰਨ ਵਾਲੇ ਦੁੱਬਈ ਦੇ ਨਾਮਵਰ ਕਾਰੋਬਾਰੀ ਅਤੇ ਸਮਾਜ ਸੇਵੀ ਡਾ.ਐੱਸ.ਪੀ.ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਬੀਤੀ ਰਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਭਕਨਾ ਖ਼ੁਰਦ ਦੇ 23 ਸਾਲਾ ਨੌਜਵਾਨ ਮਨਦੀਪ ਸਿੰਘ ਪੁੱਤਰ ਮੰਗਲ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਆਪਣੇ ਚੰਗੇਰੇ ਭਵਿੱਖ ਦੇ ਸੁਪਨੇ ਦਿਲ 'ਚ ਸੰਜੋਅ ਕੇ ਅਜੇ 6 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ। ਕੁੱਝ ਸਮੇਂ ਬਾਅਦ ਹੀ ਕੋਰੋਨਾ ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤ ਕਾਰਨ ਮਨਦੀਪ ਦਾ ਕੰਮ ਬੰਦ ਹੋ ਗਿਆ ਸੀ ਅਤੇ ਬੇਰੁਜ਼ਗਾਰ ਹੋਣ ਕਾਰਨ ਉਹ ਬਹੁਤ ਪਰੇਸ਼ਾਨ ਸੀ, ਜਿਸ ਦੇ ਚੱਲਦਿਆਂ ਅਚਾਨਕ ਬੀਤੀ 6 ਜੁਲਾਈ ਨੂੰ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੂੰ ਮਨਦੀਪ ਦੀ ਮੌਤ ਨਾਲ ਆਪਣੇ ਪਰਿਵਾਰ ਤੇ ਟੁੱਟੇ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸਰਬੱਤ ਭਲਾ ਟਰੱਸਟ ਦੇ ਸਥਾਨਕ ਅਹੁਦੇਦਾਰਾਂ ਰਾਹੀਂ ਡਾ. ਓਬਰਾਏ ਨਾਲ ਸੰਪਰਕ ਕੀਤਾ। ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਡਾ.ਓਬਰਾਏ ਵੱਲੋਂ ਮਨਦੀਪ ਦੀ ਮ੍ਰਿਤਕ ਦੇਹ ਬੀਤੀ ਦੇਰ ਰਾਤ ਦੁੱਬਈ ਤੋਂ ਭੇਜ ਦਿੱਤੀ ਗਈ ਸੀ। ਅੱਜ ਉਸ ਦੇ ਜੱਦੀ ਪਿੰਡ ਭਕਨਾ ਖ਼ੁਰਦ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।