ਅੰਮ੍ਰਿਤਸਰ:ਜਲੰਧਰ ਦੇ ਭੋਗਪੁਰ ਦੇ ਪਿੰਡ ਨੰਗਲ ਅਰੀਆ ਦੇ 28 ਸਾਲਾ ਦਲਜੀਤ ਕੁਮਾਰ ਪੁੱਤਰ ਕਿਸ਼ਨ ਲਾਲ ਦੀ ਮ੍ਰਿਤਕ ਦੇਹ ਨੂੰ ਤੜਕਸਾਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਪਹੁੰਚੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਦਲਜੀਤ ਕੁਮਾਰ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ 'ਚ ਦੋ ਸਾਲ ਪਹਿਲਾਂ ਹੀ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਆਇਆ ਸੀ।
ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸੇ ਮੁਤਾਬਕ ਦਲਜੀਤ ਨੇ ਕੁਝ ਕਾਰਨਾਂ ਕਰਕੇ ਆਪਣੀ ਕੰਮ ਵਾਲੀ ਕੰਪਨੀ ਨੂੰ ਛੱਡ ਦਿੱਤਾ ਸੀ। ਜਿਸ ਉਪਰੰਤ ਕੰਪਨੀ ਨੇ ਉਸ ਖਿਲਾਫ਼ ਵਿਚਾਲੇ ਕੰਟਰੈਕਟ ਤੋੜਨ ਦਾ ਕੇਸ ਦਰਜ ਕਰਵਾ ਦਿੱਤਾ ਸੀ। ਇਸ ਪਿੱਛੋਂ ਕੋਈ ਹੋਰ ਕੰਮ ਨਾ ਮਿਲਣ ਕਾਰਨ ਉਹ ਮਾਨਸਿਕ ਦਬਾਅ ਹੇਠ ਆ ਗਿਆ ਸੀ। ਕੁਝ ਦਿਨ ਜ਼ਿਆਦਾ ਬਿਮਾਰ ਰਹਿਣ ਕਾਰਨ ਬੀਤੀ 1 ਅਗਸਤ ਨੂੰ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਪੀੜਤ ਪਰਿਵਾਰ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ 'ਚ ਸਹਿਯੋਗ ਕਰਨ ਲਈ ਕਿਹਾ ਸੀ।