ਅੰਮ੍ਰਿਤਸਰ: ਪੰਜਾਬ ਤੋਂ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਅਤੇ ਰੁਜ਼ਗਾਰ ਲਈ ਵਿਦੇਸ਼ਾਂ ਦੀ ਧਰਤੀ 'ਤੇ ਜਾਂਦੇ ਹਨ ਪਰ ਉਥੇ ਕਈ ਵਾਰ ਉਨ੍ਹਾਂ ਨਾਲ ਅਜਿਹੇ ਵਰਤਾਰੇ ਵਾਪਰ ਜਾਂਦੇ ਹਨ ਕਿ ਇਸ ਫਾਨੀ ਸੰਸਾਰ ਨੂੰ ਹੀ ਅਲਵਿਦਾ ਆਖ ਜਾਂਦੇ ਹਨ। ਹੁਣ ਤੱਕ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬ ਦੀ ਕਿਸੇ ਮਾਂ ਦਾ ਪੁੱਤ ਅਤੇ ਪਤਨੀ ਦਾ ਸੁਹਾਗ ਉਜੜ ਗਿਆ ਹੋਵੇ। ਹੁਣ ਤੱਕ ਕਈ ਨੌਜਵਾਨਾਂ ਦੇ ਮੌਤ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਹੋਰ ਸਾਹਮਣੇ ਆਇਆ, ਜਿਥੇ ਮਾਂ ਬਾਪ ਦੇ ਜਵਾਨ ਪੁੱਤ ਦੀ ਵਿਦੇਸ਼ 'ਚ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ। (Punjabi Youth Died in Canada)
ਅੰਮ੍ਰਿਤਸਰ ਦੇ ਕੋਟ ਮਿੱਤ ਸਿੰਘ ਇਲਾਕੇ ਦੇ ਰਹਿਣ ਵਾਲਾ ਸੀ ਨੌਜਵਾਨ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਤਰਨ ਤਰਨ ਰੋਡ ਵਿਖੇ ਕੋਟ ਮਿੱਤ ਸਿੰਘ ਇਲਾਕੇ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਦੀ ਕੈਨੇਡਾ ਦੇ ਵੈਨੂਕਵਰ ਸ਼ਹਿਰ 'ਚ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦਾ ਲੜਕਾ ਲਵਪ੍ਰੀਤ ਸਿੰਘ ਚਾਰ ਮਹੀਨੇ ਪਹਿਲਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਕੰਮ ਕਾਜ ਕਰਨ ਲਈ ਗਿਆ ਸੀ । ਪਰਿਵਾਰ ਵੱਲੋਂ ਖੁਸ਼ੀ-ਖੁਸ਼ੀ ਆਪਣੇ ਮੁੰਡੇ ਨੂੰ ਕੈਨੇਡਾ ਲਈ ਰਵਾਨਾ ਕੀਤਾ ਗਿਆ ਸੀ।