ਅੰਮ੍ਰਿਤਸਰ:ਦਿਹਾਤੀ ਇਲਾਕਾ ਥਾਣਾ ਘਰਿੰਡਾ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਔਰਤ ਵਲੋਂ ਪਿਛਲ਼ੇ ਦਿਨੀਂ ਜ਼ਹਿਰੀਲੀ ਚੀਜ਼ ਪੀਣ ਦੇ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਅਟਾਰੀ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਔਰਤ ਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਈਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਬੁੱਧਵਾਰ ਨੂੰ ਮੌਤ ਹੋ ਗਈ। ਦੂਜੇ ਪਾਸੇ, ਮ੍ਰਿਤਕ ਲੜਕੀ ਦੀ ਮਾਂ ਨੇ ਆਪਣੇ ਸਹੁਰੇ ਪਰਿਵਾਰ ਉੱਤੇ ਇਲਜ਼ਾਮ ਲਾਏ ਕਿ ਉਨ੍ਹਾਂ ਕਰਕੇ ਉਸ ਦੀ ਧੀ ਨੂੰ ਤੰਗ ਕੀਤਾ ਸੀ।
ਦੋ ਭੈਣਾਂ ਇੱਕ ਘਰ ਵਿਆਹੀਆਂ: ਮ੍ਰਿਤਕ ਲੜਕੀ ਦੀ ਮਾਂ ਬਲਵਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀਆਂ ਦੋਨੋਂ ਧੀਆਂ ਇਕੋ ਘਰ ਵਿਆਹੀਆਂ ਹਨ। ਮ੍ਰਿਤਕ ਕੁਲਵਿੰਦਰ ਕੌਰ ਅਤੇ ਛੋਟੀ ਭੈਣ ਰਾਜਵਿੰਦਰ ਕੌਰ ਹੈ। ਮਾਂ ਨੇ ਸਹੁਰਾ ਪਰਿਵਾਰ ਉੱਤੇ ਦੋਸ਼ ਲਾਏ ਕਿ ਉਸ ਦੀ ਵੱਡੀ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਮ੍ਰਿਤਕ ਦੀ ਉਮਰ 36-37 ਸਾਲ ਹੈ, ਉਸ ਦੇ ਤਿੰਨ ਬੱਚੇ, ਇੱਕ 17 ਸਾਲਾਂ ਪੁੱਤਰ, 15 ਕੁ ਸਾਲ ਦੀ ਧੀ ਅਤੇ ਇਕ ਹੋਰ 12 ਸਾਲ ਦਾ ਪੁੱਤਰ ਹੈ। ਬਲਵਿੰਦਰ ਕੌਰ ਨੇ ਦੱਸਿਆ ਕਿ ਸਹੁਰੇ ਪਰਿਵਾਰ ਪਿੱਛੇ ਲੱਗ ਕੇ ਉਸ ਦੀ ਛੋਟੀ ਧੀ ਨੇ ਝੂਠੇ ਬਿਆਨ ਦਿੱਤੇ ਹਨ। ਮ੍ਰਿਤਕ ਦੀ ਮਾਂ ਨੇ ਮੰਗ ਕੀਤੀ ਕਿ ਸਹੁਰਾ ਪਰਿਵਾਰ ਸਣੇ ਉਸ ਦੀ ਛੋਟੀ ਧੀ ਉੱਤੇ ਵੀ ਕਾਨੂੰਨੀ ਕਾਰਵਾਈ ਹੋਵੇ ਤੇ ਸਭ ਨੂੰ ਸਜ਼ਾ ਮਿਲੇ। ਲੜਕੀ ਦੀ ਮਾਂ ਨੇ ਇਲਜ਼ਾਮ ਲਾਏ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਹੁਣ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਾਰਾ ਪਰਿਵਾਰ ਖੁਦਕੁਸ਼ੀ ਕਰ ਲਵਾਂਗੇ ਜਿਸ ਦਾ ਜਿੰਮੇਵਾਰ ਪੁਲਿਸ ਪ੍ਰਸ਼ਾਸ਼ਨ ਹੋਵੇਗਾ।