ਅੰਮ੍ਰਿਤਸਰ:ਲੋਕ ਪਿਆਰ ਚ ਇਨ੍ਹੇ ਜਿਆਦਾ ਪਾਗਲ ਹੋ ਜਾਂਦੇ ਹਨ ਕਿ ਉਹ ਆਪਣਾ ਘਰ ਪਰਿਵਾਰ ਛੱਡ ਸਰਹੱਦ ਤੱਕ ਪਾਰ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਵਿਆਹੁਤਾ ਔਰਤ ਲੁਡੋ ਗੇਮ ਖੇਡਦੀ ਹੋਈ ਪਾਕਿਸਤਾਨੀ ਨੌਜਵਾਨ ਦੇ ਪਿਆਰ ਚ ਪੈ ਗਈ ਅਤੇ ਸਰਹੱਦ ਪਾਰ ਕਰਨ ਤੱਕ ਨੂੰ ਵੀ ਤਿਆਰ ਹੋ ਗਈ। ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਕਾਬੂ ਕਰ ਲਿਆ।
ਪਤੀ ਅਤੇ ਬੱਚੇ ਨੂੰ ਛੱਡ ਮਹਿਲਾ ਜਾ ਰਹੀ ਸੀ ਪਾਕਿਸਤਾਨ
ਮਿਲੀ ਜਾਣਕਾਰੀ ਮੁਤਾਬਿਕ ਰਾਜਸਥਾਨ ਦੀ ਰਹਿਣ ਵਾਲੀ ਔਰਤ ਇੱਕ ਬੱਚੇ ਦੀ ਮਾਂ ਹੈ, ਜੋ ਕਿ ਮੋਬਾਇਲ ’ਤੇ ਲੁਡੋ ਗੇਮ ਖੇਡਦੀ ਸੀ, ਲੁਡੋ ਗੇਮ ਖੇਡਦੇ ਖੇਡਦੇ ਉਸਦੀ ਪਾਕਿਸਤਾਨੀ ਨੌਜਵਾਨ ਦੇ ਨਾਲ ਗੱਲਬਾਤ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਉਹ ਪਾਕਿਸਤਾਨੀ ਨੌਜਵਾਨ ਦੇ ਪ੍ਰੇਮ ਜਾਲ ਚ ਫਸ ਗਈ ਅਤੇ ਆਪਣੇ ਪਰਿਵਾਰ ਨੂੰ ਭੁੱਲ ਸਰਹੱਦ ਪਾਰ ਕਰਨ ਲੱਗੀ। ਮਹਿਲਾ ਨੇ ਵਾਹਘਾ ਬਾਰਡਰ ’ਤੇ ਜਾਣ ਦੇ ਲਈ ਆਟੋ ਲਿਆ। ਗੱਲਬਾਤ ਦੌਰਾਨ ਪਾਕਿਸਤਾਨੀ ਨੌਜਵਾਨ ਨੇ ਵਟਸਐਪ 'ਤੇ ਕਾਲ ਕੀਤੀ ਤਾਂ ਉਕਤ ਔਰਤ ਨੇ ਆਟੋ ਵਾਲੇ ਨੂੰ ਉਸ ਪਾਕਿਸਤਾਨੀ ਨੌਜਵਾਨ ਨਾਲ ਗੱਲ ਕਰਨ ਲਈ ਕਿਹਾ ਤਾਂ ਪਾਕਿਸਤਾਨੀ ਨੌਜਵਾਨ ਨੇ ਕਿਹਾ ਕਿ ਤੁਸੀਂ ਇਸ ਔਰਤ ਨੂੰ ਬਾਘਾ ਬਾਰਡਰ 'ਤੇ ਭੇਜ ਦਿਓ। ਆਟੋ ਵਾਲੇ ਨੌਜਵਾਨ ਨੂੰ ਜਦੋ ਕਿਸੇ ਗੱਲ 'ਤੇ ਸ਼ੱਕ ਹੋਇਆ ਤਾਂ ਉਸ ਨੇ ਇਸ ਸਬੰਧੀ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ।