ਅੰਮ੍ਰਿਤਸਰ: ਦਾਜ ਲਈ ਸਹੁਰਾ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਇੱਕ ਮਹੀਨਾਂ ਪਹਿਲਾ ਡਾ.ਸਿਮਰਨ ਨੇ ਆਪਣੇ ਆਪ ਨੂੰ ਜ਼ਹਿਰੀਲੇ ਟੀਕੇ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਨੂੰ ਲੈ ਕੇ ਮਹਿਲਾ ਦੇ ਮਾਤਾ-ਪਿਤਾ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਨੇ ਪੁਲਿਸ 'ਤੇ ਸਹੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।
ਦਰਅਸਲ ਸਹੁਰਾ ਪਰਿਵਾਰ ਵੱਲੋਂ ਦਾਜ ਲਈ ਪਰੇਸ਼ਾਨ ਕਰਨ ਕਾਰਨ 17 ਮਈ ਨੂੰ ਡਾ. ਸਿਮਰਨ ਨੇ ਆਪਣੇ ਆਪ ਨੂੰ ਜ਼ਹਿਰੀਲੇ ਟੀਕੇ ਲਗਾਏ ਸਨ ਅਤੇ ਦੋ ਦਿਨ ਬਾਅਦ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਬੁੱਧਵਾਰ ਨੂੰ ਪੁਲਿਸ ਖਿਲਾਫ ਵਿਰੋਧ ਜਤਾਉਂਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀ ਕੁੜੀ ਆਪਣੀ ਮੌਤ ਤੋਂ ਪਹਿਲਾਂ ਇੱਕ ਡਾਇਰੀ ਵਿੱਚ ਬੀਤੇ ਦਿਨ ਦੀ ਆਪ ਬੀਤੀ ਲਿਖਦੀ ਸੀ ਅਤੇ ਉਸ ਦੇ ਸਹੁਰਿਆਂ ਨੇ ਪੁਲਿਸ ਨਾਲ ਮਿਲ ਕੇ ਡਾਇਰੀ, ਬੈਂਕ ਦੇ ਕਾਗਜਾਤ ਅਤੇ ਬਾਕੀ ਸਬੂਤ ਮਿਟਾ ਦਿੱਤੇ ਹਨ। ਪੀੜਤ ਪਰਿਵਾਰ ਨੇ ਮੀਡੀਆ ਨੂੰ ਕੁਝ ਤਸਵੀਰਾਂ ਵੀ ਦਿੱਤੀਆਂ ਅਤੇ ਕਿਹਾ ਕਿ ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦੀ ਧੀ ਦੇ ਸਹੁਰੇ ਪਰਿਵਾਰ ਦੇ ਮੈਂਬਰ ਸਬੂਤ ਮਿਟਾਉਣ ਲਈ ਜਾਂਚ ਅਧਿਕਾਰੀ ਨੂੰ ਪੈਸੇ ਦਿੰਦੇ ਹੋਏ ਦਿਖਾਈ ਦੇ ਰਹੇ ਹਨ।