ਅੰਮ੍ਰਿਤਸਰ: ਸੁਲਤਾਨਵਿੰਡ ਰੋਡ 'ਤੇ ਇੱਕ ਪਰਿਵਾਰ ਨਾਲ ਆਨਲਾਈਨ ਧੋਖਾਧੜੀ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਆਨਲਾਈਨ ਠੱਗੀ ਦੇ ਇਸ ਮਾਮਲੇ ਵਿੱਚ ਇੱਕ ਨੌਜਵਾਨ ਵੱਲੋਂ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦੀ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਵਟਸਐਪ ਹੈਕ ਕਰ ਲਿਆ ਗਿਆ ਹੈ, ਜਿਸ ਨਾਲ ਪਰਿਵਾਰਕ ਮੈਂਬਰਾਂ ਨੂੰ ਅਕਾਊਂਟ ਖਾਤਿਆਂ ਅਤੇ ਹੋਰ ਜਾਣਕਾਰੀ ਦਾ ਡਰ ਸਤਾ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।
ਸੁਸ਼ਮਾ ਦੇਵੀ ਤੇ ਨੂੰਹ ਰਿੰਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ 25 ਲੱਖ ਰੁਪਏ ਦੀ ਲਾਟਰੀ ਨਿਕਲਣ ਬਾਰੇ ਫ਼ੋਨ ਆਇਆ ਤਾਂ ਉਹ ਬਹੁਤ ਖ਼ੁਸ਼ ਹੋਏ। ਵਿਅਕਤੀ ਨੇ ਉਨ੍ਹਾਂ ਕੋਲੋਂ ਪਹਿਲਾਂ ਆਧਾਰ ਕਾਰਡ, ਪੈਨ ਕਾਰਡ ਲੈ ਲਿਆ। ਉਪਰੰਤ ਉਸ ਨੇ ਪਰਿਵਾਰ ਦੇ ਦੂਜੇ ਮੋਬਾਈਲ 'ਤੇ ਲਾਈਵ ਵੀਡੀਓ ਕਾਲ ਕੀਤੀ ਅਤੇ ਗੱਲਾਂ-ਗੱਲਾਂ ਵਿੱਚ ਹੀ ਉਨ੍ਹਾਂ ਦੇ ਮੋਬਾਈਲ ਦਾ ਵਟਸਐਪ ਆਪਣੇ ਮੋਬਾਈਲ ਰਾਹੀਂ ਸਕੈਨ ਕਰ ਲਿਆ।