ਅੰਮ੍ਰਿਤਸਰ: ਅੰਮ੍ਰਿਤਸਰ 'ਚ ਇਕ ਲੜਕੀ ਜਾਪਾਨੀ ਇਨਸੇਫਲਾਈਟਿਸ (Japanese encephalitis) ਦੀ ਬੀਮਾਰੀ ਤੋਂ ਪੀੜਤ ਮਿਲੀ ਹੈ। ਜੋ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਉਹ ਜ਼ੇਰੇ ਇਲਾਜ ਹੈ। ਲੜਕੀ ਵਿੱਚ ਇਹ ਬਿਮਾਰੀ ਮਿਲਣ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਲੜਕੀ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਡਾਕਟਰਾਂ ਦਾ ਕਿਹਣਾ ਹੈ ਕਿ ਇਹ ਵਾਇਰਲ ਰੋਗ ਹੈ, ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਟੈਸਟ ਅੰਮ੍ਰਿਤਸਰ ਵਿੱਚ ਨਹੀਂ ਹੁੰਦੇ, ਇਸ ਦੇ ਟੈਸਟ ਪੀਜੀਆਈ ਵਿੱਚ ਹੁੰਦੇ ਹਨ। ਅੱਗੇ ਜਾਣਕਾਰੀ ਦਿੰਦਿਆਂ ਡਾਕਟਰਾਂ ਨੇ ਦੱਸਿਆ ਕਿ ਇਹ ਲੱਛਣ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਉੜੀਸਾ ਵਿੱਚ ਪਾਏ ਜਾਂਦੇ ਹਨ।
ਡਾਕਟਰਾਂ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਸਿਰਫ 50 ਫੀਸਦੀ ਬੱਚੇ ਹੀ ਬਚ ਸਕਦੇ ਹਨ ਪਰ ਇਨ੍ਹਾਂ ਵਿਚ ਵੀ ਕੁਝ ਲੱਛਣ ਰਹਿ ਜਾਂਦੇ ਹਨ। ਡਾਕਟਰਾਂ ਨੇ ਦੱਸਿਆ ਕਿ ਇਹ ਬਿਮਾਰੀ ਡੇਂਗੂ ਵਾਂਗ ਫੈਲਦੀ ਹੈ। ਉਨ੍ਹਾਂ ਕਿਹਾ ਕਿ ਇਸ ਲੱਛਣ ਵਿੱਚ ਬੱਚਿਆਂ ਨੂੰ ਬੁਖਾਰ, ਉਲਟੀਆਂ, ਸਿਰਦਰਦ ਅਤੇ ਦੌਰੇ ਵੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਖ਼ਤਰਨਾਕ ਬਿਮਾਰੀ ਹੈ, ਜੋ ਜ਼ਿਆਦਾਤਰ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਵਿੱਚ ਪਾਈ ਜਾਂਦੀ ਹੈ।