ਅੰਮ੍ਰਿਤਸਰ: ਪੰਜਾਬ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਦੀ ਟੀਮ ਨੇ ਦੋ ਦਿਨਾਂ ਬਾਅਦ ਇੱਕ ਵਾਰ ਫਿਰ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਇਹ ਹਥਿਆਰ ਇੱਕ ਵਾਰ ਫਿਰ ਫਿਰੋਜ਼ਪੁਰ ਬਾਰਡਰ ਤੋਂ ਹੀ ਬਰਾਮਦ ਹੋਏ ਹਨ। ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਵੱਲ ਭੇਜੇ ਗਏ ਸਨ।
ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ:ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਅੰਮ੍ਰਿਤਸਰ ਦੀ ਟੀਮ ਨੂੰ ਸਰਹੱਦ ਪਾਰ ਤੋਂ ਹਥਿਆਰਾਂ ਦੀ ਖੇਪ ਪਹੁੰਚਾਏ ਜਾਣ ਦੀ ਸੂਚਨਾ ਮਿਲੀ ਸੀ। ਇਨਪੁਟਸ ਦੀ ਪੁਸ਼ਟੀ ਹੋਣ ਤੋਂ ਬਾਅਦ, ਏਆਈਜੀ ਸੀਆਈ ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਇੱਕ ਟੀਮ ਫਿਰੋਜ਼ਪੁਰ ਲਈ ਰਵਾਨਾ ਕੀਤੀ ਗਈ ਸੀ। ਸੀਆਈ ਦੀ ਟੀਮ ਨੇ ਫਿਰੋਜ਼ਪੁਰ ਪਹੁੰਚ ਕੇ ਬੀਐਸਐਫ ਨਾਲ ਸੰਪਰਕ ਕੀਤਾ। ਜਿਨ੍ਹਾਂ ਨੇ ਨਿਰਧਾਰਿਤ ਸੂਚਨਾ ਦੇ ਨਾਲ ਥਾਂ-ਥਾਂ ਦੀ ਤਲਾਸ਼ੀ ਲਈ ਅਤੇ ਹਥਿਆਰਾਂ ਦਾ ਸਟਾਕ ਬਰਾਮਦ ਕੀਤਾ।
ਭਾਰੀ ਅਸਲਾ ਬਰਾਮਦ:ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਹਥਿਆਰਾਂ ਦੀ ਖੇਪ ਵਿੱਚ 5 ਏਕੇ 47 ਅਤੇ 5 ਪਿਸਤੌਲ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ ਏ.ਕੇ.47 ਦੇ 5 ਮੈਗਜ਼ੀਨ ਅਤੇ ਪਿਸਤੌਲ ਦੇ 10 ਮੈਗਜ਼ੀਨ ਵੀ ਬਰਾਮਦ ਹੋਏ ਹਨ। ਜਿਸ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।