ਅੰਮ੍ਰਿਤਸਰ: ਪੰਜਾਬ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਮਾਹੌਲ ਗ਼ਰਮਾਇਆ ਹੋਇਆ ਹੈ। ਇਸੇ ਤਹਿਤ ਵਿਧਾਨ ਸਭਾ ਹਲਕਾ ਅਟਾਰੀ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਚੋਣ ਰੈਲੀ ਕਰ ਰਹੇ ਸਨ। ਇਸੇ ਦੌਰਾਨ ਜਿਥੇ ਉਨ੍ਹਾਂ 'ਤੇ ਵਰਕਰਾਂ ਵਲੋਂ ਫੁੱਲਾਂ ਦੀ ਬਰਸਾਤ ਕੀਤੀ ਜਾ ਰਹੀ ਸੀ, ਉਥੇ ਹੀ ਕਿਸੇ ਨੇ ਕੋਈ ਚੀਜ ਉਨ੍ਹਾਂ ਵਲ ਸੁੱਟੀ, ਜੋ ਉਨ੍ਹਾਂ ਦੇ ਚਿਹਰੇ 'ਤੇ ਲੱਗੀ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਭਗਵੰਤ ਮਾਨ ਚੋਣਾਂ ਨੂੰ ਲੈ ਕੇ ਅਟਾਰੀ ਵਿਧਾਨ ਸਭਾ ਹਲਕੇ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ 'ਚ ਰੋਡ ਸ਼ੋਅ ਕਰ ਰਹੇ ਸਨ। ਇਸ ਦੌਰਾਨ ਕਿਸੇ ਨੇ ਉਨ੍ਹਾਂ ਵਲ ਕੋਈ ਚੀਜ਼ ਸੁੱਟੀ, ਜੋ ਉਨ੍ਹਾਂ ਦੇ ਚਿਹਰੇ 'ਤੇ ਜਾ ਲੱਗੀ। ਪੱਥਰ ਵਰਗੀ ਚੀਜ਼ ਲੱਗਣ ਤੋਂ ਬਾਅਦ ਭਗਵੰਤ ਮਾਨ ਕੁਝ ਦੇਰ ਆਪਣੀ ਕਾਰ ਵਿਚ ਬੈਠ ਗਏ ਅਤੇ ਫਿਰ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ।