ਅੰਮ੍ਰਿਤਸਰ :ਹੋਲੇ ਮਹੱਲੇ ਦੀ ਰੀਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਕਤ ਦੇ ਹਾਲਾਤ ਨੂੰ ਦੇਖਦੇ ਹੋਏ ਸ਼ੁਰੂ ਕੀਤੀ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੋਲੇ ਮਹੱਲੇ ਦਾ ਨਗਰ ਕੀਰਤਨ (ਤਕਰੀਬਨ 20 ਸਾਲ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਤੋਂ ਨਿਕਲਦਾ ਆ ਰਿਹਾ ਹੈ, ਇਹ ਨਗਰ ਕੀਰਤਨ ਸ੍ਰੀ ਅਕਾਲ ਤੱਖਤ ਸਾਹਿਬ ਤੋਂ ਇਤਿਹਾਸਕ ਸੁਰਮੱਈ ਨਿਸ਼ਾਨ ਸਾਹਿਬ ਅਤੇ ਪੰਜਾ ਪਿਆਰਿਆਂ ਦੀ ਅਗੁਵਾਈ ਹੇਠ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਦੇ ਨਾਲ ਹੀ ਗੁਰੂ ਸਿੰਘ ਸਭਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਨਿਕਲਦਾ ਆ ਰਿਹਾ ਹੈ। ਜੋ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਵਿਚੋਂ ਹੁੰਦਿਆਂ ਹੋਇਆ ਚਾਟੀਵਿੰਡ ਗੇਟ ਸੁਲਤਾਨਵਿੰਡ ਗੇਟ ਅਤੇ ਫਿਰ ਬਾਬਾ ਫੂਲਾ ਸਿੰਘ ਬੁਰਜ ਵਿਖੇ ਪਹੁੰਚਦਾ ਹੈ। ਉਪਰੰਤ ਇਹ ਨਗਰ ਕੀਰਤਨ ਵਾਪਿਸ ਪੀ ਮੰਡੀ ਜਲਿਆਂਵਾਲਾ ਬਾਗ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦਾ ਹੈ, ਜਿਥੇ ਸਮਾਪਤੀ ਦੀ ਅਰਦਾਸ ਹੁੰਦੀ ਹੈ।
ਨਿਸ਼ਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਰਾਮ ਸਿੰਘ ਜੀ ਮੁੱਕਤਾ ਨੂੰ ਦਿੱਤੇ ਸਨ। ਸੁਰਮਈ ਨਿਸ਼ਾਨ ਸਾਹਿਬ ਗੁਰੂ ਸਾਹਿਬ ਨੇ ਸਾਰੇ ਰੰਗਾਂ ਨੂੰ ਆਪਸ ਵਿਚ ਮਿਲਾ ਕਿ ਘੋਲ ਕੇ ਤਿਆਰ ਕੀਤੇ ਸਨ ਅਤੇ ਇਹਨਾਂ ਉੱਤੇ ਸ਼ਸਤਰਾਂ ਦੀ ਫੋਟੋ ਅੰਕਿਤ ਕੀਤੀ। ਭਾਈ ਰਾਮ ਸਿੰਘ ਜੀ ਗੁਰੂ ਸਾਹਿਬ ਦੇ ਚੋਰ ਬਰਦਾਰ ਵੀ ਸਨ। ਇਹ ਸੁਰਮਈ ਨਿਸ਼ਾਨ ਸਾਹਿਬ ਹਰ ਵੇਲੇ ਗੁਰੂ ਸਾਹਿਬ ਦੇ ਨਾਲ ਰਹਿੰਦੇ ਸਨ ਅਤੇ ਦੂਸਰਾ ਸੁਰਮਈ ਨਿਸ਼ਾਨ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਤੱਤ ਖਾਲਸਾ ਅਤੇ ਬੰਦਈ ਖਾਲਸਾ ਦੇ ਝਗੜੇ ਵੇਲੇ ਮਾਤਾ ਸੁੰਦਰੀ ਜੀ ਨੇ ਭਾਈ ਰਾਮ ਸਿੰਘ ਜੀ ਨੂੰ ਦੇ ਕਿ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਤੋਂ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਵਾਸਤੇ ਭੇਜਿਆ ਸੀ।