ਦਰਬਾਰ ਸਾਹਿਬ ਨੇੜੇ ਇਸਾਈ ਧਰਮ ਦਾ ਪ੍ਰਚਾਰ ਕਰਦੇ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਅੰਮ੍ਰਿਤਸਰ: ਸੋਸ਼ਲ ਮੀਡੀਆ ਇੱਕ ਜ਼ਰੀਆ, ਜਿਥੋਂ ਕੋਈ ਵੀ ਜਾਣਕਾਰੀ ਜਾਂ ਵੀਡੀਓ ਮਿੰਟਾਂ ਸਕਿੰਟਾਂ 'ਚ ਕਈ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ। ਅਜਿਹੀ ਹੀ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਦੱਸਿਆ ਜਾ ਰਿਹਾ ਕਿ ਉਹ ਪੱਗ ਵਾਲਾ ਪੁਲਿਸ ਦਾ ਮੁਲਾਜ਼ਮ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਇਸਾਈ ਧਰਮ ਦਾ ਪ੍ਰਚਾਰ ਕਰ ਰਿਹਾ ਹੈ। ਜਿਸ 'ਚ ਦੇਖਿਆ ਜਾ ਸਕਦਾ ਕਿ ਮੁਲਾਜ਼ਮ ਵਲੋਂ ਬਿਮਾਰ ਵਿਅਕਤੀਆਂ ਦਾ ਇਲਾਜ ਕਰਨ ਦਾ ਢੋਂਗ ਰਚਿਆ ਜਾ ਰਿਹਾ।
ਵਾਇਰਲ ਵੀਡੀਓ 'ਤੇ ਇਤਰਾਜ਼: ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਮਨਾਂ ਵਿੱਚ ਅਤੇ ਨਾਨਕ ਨਾਮ ਲੇਵਾ ਸੰਗਤ ਦੇ ਮਨਾਂ ਵਿੱਚ ਰੋਸ ਹੈ। ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ, ਜਿਸ ਦੇ ਚੱਲਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਸਿਰਸਾ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਕਿ ਸ਼ੋਸਲ ਮੀਡੀਆ (ਇੰਸਟਾਗ੍ਰਾਮ) 'ਤੇ ਆਪਣੇ ਆਈ.ਡੀ ਦਰਸ਼ਨ ਪਾਲ ਮਿਨਿਸਟਰੀ ਦੱਸਦਾ ਹੈ। ਜਿਸ 'ਤੇ ਇਸ ਨੇ ਆਪਣੀਆਂ ਵੀਡੀਓਜ਼ ਅਪਲੋਡ ਕੀਤੀਆਂ ਹਨ।
ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ: ਉਨ੍ਹਾਂ ਕਿਹਾ ਕਿ ਇਹ ਮੁਲਾਜਮ ਇੱਕ ਪਾਸੇ ਵਰਦੀ ਪਾਉਣ ਵੇਲੇ ਭਾਰਤ ਦੇ ਸੰਵਿਧਾਨ ਦੀ ਚੁੱਕੀ ਸੁੰਹ ਅਤੇ ਆਪਣੇ ਫਰਜਾਂ ਨੂੰ ਛਿੱਕੇ 'ਤੇ ਟੰਗੀ ਬੈਠਾ ਹੈ, ਉਥੇ ਹੀ ਪੱਗ ਬੰਨ ਕੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਵੀ ਤਾਰ ਤਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੱਖੀ ਦਾ ਧੁਰਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਆਉਂਦੇ ਹਨ।
ਪਖੰਡਵਾਦ ਨੂੰ ਵਧਾਵਾ: ਸਿੱਖ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਅਜਿਹੇ ਕੁਝ ਅਜਿਹਾ ਲੋਕ ਜੋ ਜਾਣ ਬੁੱਝ ਕੇ ਪਖੰਡਵਾਦ ਨੂੰ ਵਧਾਵਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਰਦੀ ਦੇ ਵਿੱਚ ਇੱਕ ਬਿਮਾਰ ਵਿਅਕਤੀ ਨੂੰ ਪੈਦਲ ਚਲਾ ਕਿ ਉਸ ਦੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਲਿਖਣਾ ਗਲਤ ਗੱਲ ਹੈ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਅਜਿਹਾ ਕੁਝ ਵੀ ਨਹੀਂ ਹੋਣ ਦੇਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਕਮਿਸ਼ਨਰ ਅਤੇ ਸ਼੍ਰੋਮਣੀ ਕਮੇਟੀ ਤੋਂ ਐਕਸ਼ਨ ਦੀ ਮੰਗ ਕੀਤੀ ਹੈ।
ਭਾਜਪਾ ਆਗੂ ਨੇ ਵੀ ਚੁੱਕੀ ਆਵਾਜ਼:ਇਸ ਨੂੰ ਲੈਕੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਵੀ ਟਵੀਟ ਕੀਤਾ ਹੈ। ਭਾਜਪਾ ਆਗੂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਇੱਕ ਪੱਗ ਵਾਲਾ ਪੁਲਿਸ ਮੁਲਾਜ਼ਮ ਦਿਨ-ਦਿਹਾੜੇ ਕੁਝ ਲੋਕਾਂ ਨੂੰ ਇਲਾਜ ਦੇ ਨਾਂ ’ਤੇ ਧਰਮ ਪਰਿਵਰਤਨ ਕਰਾਉਣ ਲਈ ਸ਼ਰੇਆਮ ਪ੍ਰਚਾਰ ਕਰ ਰਿਹਾ ਹੈ। ਇੰਨਾ ਹੀ ਨਹੀਂ ਇਹ ਵੀ ਇਲਜ਼ਾਮ ਲਾਏ ਜਾ ਰਹੇ ਹਨ ਕਿ ਧਰਮ ਪਰਿਵਰਤਨ ਕਰਵਾਉਣ ਵਾਲਾ ਪੁਲਿਸ ਮੁਲਾਜ਼ਮ ਪਿੰਡ ਮਾਹਲ ਵਿੱਚ ਸਥਿਤ ਚਰਚ ਵਿੱਚ ਪਾਦਰੀ ਦਾ ਕੰਮ ਵੀ ਕਰ ਰਿਹਾ ਹੈ।
ਸ਼੍ਰੋਮਣੀ ਕਮੇਟੀ ਕਾਰਵਾਈ ਕਰਨ ਤੋਂ ਕਿਉਂ ਡਰਦੀ: ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ.ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਬਣੀ ਧਰਮ ਪਰਿਵਰਤਨ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸ੍ਰੀ ਦਰਬਾਰ ਸਾਹਿਬ ਦੇ ਇਸੇ ਇਲਾਕੇ ਵਿੱਚ ਰਹਿੰਦੇ ਹਨ। ਜਿੱਥੇ ਧਰਮ ਪਰਿਵਰਤਨ ਦੀ ਇਹ ਖੇਡ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰ ਧਰਮ ਪਰਿਵਰਤਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਕਿਉਂ ਝਿਜਕ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਸ਼੍ਰੋਮਣੀ ਕਮੇਟੀ ਸੁਖਬੀਰ ਬਾਦਲ ਦੇ ਕਿਸੇ ਦਬਾਅ ਹੇਠ ਹੈ।
ਇਸਾਈ ਲੋਕਾਂ ਦੀ ਆਬਾਦੀ 20 ਫੀਸਦੀ :ਉਨ੍ਹਾਂ ਕਿਹਾ ਕਿ ਸੂਬੇ ਵਿਚ ਈਸਾਈਆਂ ਦੀ ਆਬਾਦੀ 20 ਫੀਸਦੀ ਹੈ ਅਤੇ ਚੋਣਾਂ ਵਿਚ ਇਹ ਮਾਇਨੇ ਰੱਖਦੀ ਹੈ। ਕੀ ਸਾਨੂੰ ਇਸ ਨੂੰ ਪੂਰਵ-ਲੜਾਈ ਦੇ ਤੌਰ 'ਤੇ ਲੈਣਾ ਚਾਹੀਦਾ ਹੈ ਅਤੇ ਇਸਾਈ ਦੁਆਰਾ ਸਾਡੀਆਂ ਸੰਸਥਾਵਾਂ ਅਤੇ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਦੀ ਉਡੀਕ ਕਰਨੀ ਚਾਹੀਦੀ ਹੈ? ਸਿੱਖ ਭੇਸ ਵਿੱਚ ਪੁਲਿਸ ਦੀ ਵਰਦੀ ਪਾ ਕੇ ਇੱਕ ਅਧਿਕਾਰੀ ਸ਼ਰੇਆਮ ਧਰਮ ਪਰਿਵਰਤਨ ਕਰਵਾ ਰਿਹਾ ਹੈ।
ਏਐਸਆਈ ਨੇ ਮੰਗੀ ਮਾਫ਼ੀ: ਇਸੇ ਦੌਰਾਨ ਪੁਲਿਸ ਦੇ ਏਐਸਆਈ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਇਹ ਮਾਮਲਾ ਧਰਮ ਸਿੰਘ ਮਾਰਕੀਟ ਦਾ ਹੈ। ਇੱਕ ਵਿਅਕਤੀ ਦੀ ਸਿਹਤ ਠੀਕ ਨਹੀਂ ਸੀ। ਉਹ ਲੜਖੜਾ ਰਿਹਾ ਸੀ ਇਸ ਲਈ ਉਸਨੇ ਉਸਦੇ ਲਈ ਪ੍ਰਾਰਥਨਾ ਕੀਤੀ। ਉਸ ਨੇ ਧਰਮ ਪਰਿਵਰਤਨ ਦਾ ਕੋਈ ਕੰਮ ਨਹੀਂ ਕੀਤਾ ਹੈ। ਏਐਸਆਈ ਨੇ ਕਿਹਾ ਕਿ ਸਿੱਖ ਵੀ ਸਾਡੇ ਭਰਾ ਹਨ। ਉਸ ਦੇ ਮਨ ਵਿਚ ਉਨ੍ਹਾਂ ਲਈ ਕੁਝ ਨਹੀਂ ਹੈ। ਜੇਕਰ ਉਸ ਦੀ ਅਰਦਾਸ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦਾ ਹੈ।