ਅੰਮ੍ਰਿਤਸਰ: 31 ਅਕਤੂਬਰ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਭਾਰਤ ਦੇ ਲਗਭਗ 18 ਰਾਜਾਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਕਤਲੇਆਮ ਵਿੱਚ ਹਜ਼ਾਰਾਂ ਸਿੱਖ ਨੌਜਵਾਨ, ਬਜ਼ੁਰਗ, ਬੀਬੀਆਂ ਮਾਰੇ ਗਏ, ਉੱਥੇ ਹੀ ਸਿੱਖਾਂ ਦੇ ਲੱਖਾਂ ਦੇ ਕਾਰੋਬਾਰ ਤਬਾਹ ਹੋ ਗਏ।
ਜਖ਼ਮ 84 ਵਾਲੇ, ਉਜੜ ਕੇ ਅੰਮ੍ਰਿਤਸਰ ਆਏ ਪਰਿਵਾਰਾਂ ਦੀ ਨਹੀਂ ਲੈ ਕੋਈ ਸਾਰ ਮੁੰਬਈ, ਕੋਲਕਾਤਾ, ਦਿੱਲੀ ਕਾਨਪੁਰ ਸਮੇਤ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਪੀੜਤ ਸਿੱਖ ਪਰਿਵਾਰ ਜਾਨਾਂ ਬਚਾਉਣ ਲਈ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਏ। ਇਸੇ ਤਹਿਤ ਹੀ ਅੰਮ੍ਰਿਤਸਰ ਵਿਖੇ ਵੀ ਵੱਡੀ ਗਿਣਤੀ ਵਿੱਚ ਪਰਿਵਾਰ ਪਹੁੰਚੇ।
ਪਰਿਵਾਰਾਂ ਲਈ ਸਿੱਖ ਸੰਸਥਾਵਾਂ ਵੱਲੋਂ 4 ਏਕੜ 2 ਮਰਲੇ ਜਗ੍ਹਾ ਖਰੀਦੀ ਗਈ ਤਾਂ ਜੋ ਪੀੜਤਾਂ ਦਾ ਰਹਿਣ ਬਸੇਰੇ ਹੋ ਸਕੇ। ਇਨ੍ਹਾਂ ਪਰਿਵਾਰਾਂ ਵਿੱਚੋਂ ਕਈ ਤਾਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਵਿੱਚ ਰਹਿੰਦੇ ਹਨ,ਇਨ੍ਹਾਂ ਵਿੱਚੋਂ ਕੁਝ ਪਰਿਵਾਰ ਪਿੰਡ ਚੱਬਾ ਵਿਖੇ ਰਹਿ ਰਹੇ ਹਨ।
ਈਟੀਵੀ ਭਾਰਤ ਵੱਲੋਂ ਨਵੰਬਰ 1984 ਵਿੱਚ ਉੱਜੜ ਕੇ ਆਏ ਪਿੰਡ ਚੱਬਾ ਵਿੱਚ ਰਹਿ ਰਹੇ ਲੋਕਾਂ ਦੇ ਦੁੱਖ ਤਕਲੀਫ਼ਾਂ ਜਾਨਣ ਲਈ ਪੀੜਤਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਪੀੜਤ ਪਰਿਵਾਰ ਦੇ ਮੈਂਬਰ ਬਾਬਾ ਹਰਪਾਲ ਸਿੰਘ ਨੇ ਦੱਸਿਆ ਕਿ 1984 ਦੇ ਪੀੜਤ ਪਰਿਵਾਰਾਂ ਦੇ ਲਈ ਪਿੰਡ ਚੱਬਾ ਵਿਖੇ 12 ਕੁਆਰਟਰ ਬਣਾਏ ਗਏ, ਜਿਨ੍ਹਾਂ ਦੀ 30 ਸਾਲਾਂ ਤੋਂ ਕੋਈ ਮੁਰੰਮਤ ਨਹੀਂ ਹੋ ਰਹੀ। ਪੀੜਤਾਂ ਦੇ ਕੋਈ ਬਿਜਲੀ ਬਿੱਲ ਮੁਆਫ਼ ਨਹੀਂ ਕੀਤੇ ਗਏ, ਜੋ ਉਨ੍ਹਾਂ ਨੂੰ ਰਾਸ਼ਨ ਮਿਲਦਾ ਹੈ,ਉਹ ਵੀ ਕਦੇ-ਕਦੇ ਦਿੱਤਾ ਜਾਂਦਾ ਹੈ।
ਉੱਥੇ ਹੀ ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਤੋਂ ਉੱਜੜ ਕੇ ਆਈ ਮਾਤਾ ਜੋਗਿੰਦਰ ਕੌਰ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਉਨ੍ਹਾਂ ਦੀ ਇੱਕ ਬਹੁਤ ਵੱਡੀ ਫੈਕਟਰੀ ਉੱਤਰ ਪ੍ਰਦੇਸ਼ ਵਿੱਚ ਸੀ ਅਤੇ ਨਵੰਬਰ ਚੁਰਾਸੀ ਵਿੱਚ ਉਨ੍ਹਾਂ ਦਾ ਘਰ ਵਾਲਾ ਅਤੇ ਪੁੱਤਰ ਮਾਰਿਆ ਗਿਆ ਅਤੇ ਉਹ ਸਾਰਾ ਕੁਝ ਛੱਡ ਕੇ ਆਪਣੀਆਂ ਕੁੜੀ ਨੂੰ ਲੈ ਕੇ ਪੰਜਾਬ ਆ ਗਈ। ਉਸ ਨੇ ਦੱਸਿਆ ਕਿ ਉਹ ਹੁਣ ਇਕੱਲੀ ਹੀ ਰਹਿ ਰਹੀ ਹੈ।
ਉਸ ਨੇ ਦੱਸਿਆ ਕਿ ਉਸ ਦਾ ਭਣੇਵਾ ਰਾਗੀ ਸੁਰਿੰਦਰ ਸਿੰਘ ਜੋਧਪੁਰੀ ਹੈ ਜੋ ਕਿ ਉਸ ਦੀ ਕੋਈ ਸਾਰ ਨਹੀਂ ਲੈ ਰਿਹਾ। ਉਸ ਦੀਆਂ ਭੈਣਾਂ ਜ਼ਰੂਰ ਥੋੜੀ ਬਹੁਤ ਮਦਦ ਕਰਦੀਆਂ ਸਨ। ਉਸ ਨੇ ਦੱਸਿਆ ਕਿ ਸ਼ੁਰੂ ਵਿੱਚ 300 ਰੁਪਏ ਪ੍ਰਤੀ ਮਹੀਨਾ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਨੌਕਰੀ ਵੀ ਕੀਤੀ।
ਹੁਣ ਨਾ ਤਾਂ ਕੋਈ ਉਸ ਦਾ ਵਾਰਿਸ ਹੈ ਅਤੇ ਨਾ ਹੀ ਕੋਈ ਉਸ ਦੀ ਸੰਭਾਲ ਕਰਨ ਵਾਲਾ ਹੈ। ਜਿਸ ਘਰ ਵਿੱਚ ਉਹ ਰਹਿੰਦੀ ਹੈ, ਉਸ ਦੀ ਮੁਰੰਮਤ ਵੀ ਉਹ ਨਹੀਂ ਕਰਵਾ ਸਕਦੀ। ਇੱਥੋਂ ਤੱਕ ਕਿ ਉਸ ਕੋਲ ਆਪਣੀ ਦਵਾਈ ਖ਼ਰੀਦਣ ਵਾਸਤੇ ਵੀ ਪੈਸੇ ਨਹੀਂ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ 84 ਦੇ ਇਨ੍ਹਾਂ ਪੀੜਤਾਂ ਦੀ ਕੋਈ ਸਾਰ ਲੈਂਦਾ ਹੈ ਜਾਂ ਫ਼ਿਰ ਇਨ੍ਹਾਂ ਦੇ ਹਾਲਾਤ ਇਸੇ ਤਰ੍ਹਾਂ ਹੀ ਰਹਿਣਗੇ।