ਅੰਮ੍ਰਿਤਸਰ: ਅਕਤੂਬਰ 2004 'ਚ ਅੰਮ੍ਰਿਤਸਰ ਦੇ ਇਕ ਪਰਿਵਾਰ ਦੇ ਪੰਜ ਜੀਆਂ ਵਲੋਂ ਸਮੂਹਿਕ ਖ਼ੁਦਕੁਸ਼ੀ ਕਰਨ ਦੇ ਮਾਮਲੇ ਨੂੰ 16 ਸਾਲ ਹੋ ਗਏ ਹਨ ਅਤੇ ਹੁਣ ਜਾ ਕੇ ਇਸ ਦਾ ਫੈਸਲਾ ਹੋਇਆ ਹੈ।
ਇਸ ਮਾਮਲੇ ਵਿੱਚ ਉਸ ਸਮੇਂ ਦੇ ਡੀਐਸਪੀ ਹਰਦੇਵ ਸਿੰਘ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਸਾਬਕਾ ਡੀਆਜੀ ਕੁਲਤਾਰ ਸਿੰਘ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਦਰਅਸਲ ਸੋਮਵਾਰ ਨੂੰ ਇਸ ਮਾਮਲੇ 'ਚ ਵਧੀਕ ਜਿਲ੍ਹਾ ਸ਼ੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਉਸ ਵੇਲੇ ਦੇ ਐਸਐਸਪੀ ਤੇ ਹੁਣ ਸੇਵਾ ਮੁਕਤ ਡੀਆਈਜੀ, ਮੌਜੂਦਾ ਡੀਐਸਪੀ ਤੇ ਦੋ ਔਰਤਾਂ ਸਣੇ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਨ੍ਹਾਂ ਦੀ ਸਜ਼ਾ ਬਾਰੇ ਫ਼ੈਸਲਾ ਅੱਜ ਸੁਣਾਇਆ ਗਿਆ।
ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈ ਲਿਆ ਗਿਆ ਸੀ। ਇਹ ਮਾਮਲਾ ਸਾਲ 2004 'ਚ ਦਰਮਿਆਨੀ ਰਾਤ ਦਾ ਹੈ ਜਦੋਂ ਕਿ ਚੌਕ ਮੋਨੀ ਦੇ ਰਹਿਣ ਵਾਲੇ ਹਰਦੀਪ ਸਿੰਘ ਤੇ ਉਸ ਦੀ ਪਤਨੀ ਰੋਮੀ, ਮਾਤਾ ਜਸਵੰਤ ਕੌਰ ਤੇ ਦੋ ਨਾਬਾਲਗ ਬੱਚਿਆਂ ਸਿਮਰਨ ਤੇ ਸਨਮੀਤ ਕੌਰ ਵਲੋਂ ਸਮੂਹਿਕ ਖ਼ੁਦਕੁਸ਼ੀ ਕਰ ਲਈ ਗਈ ਸੀ।
ਮ੍ਰਿਤਕਾਂ ਵਲੋਂ ਮਰਨ ਤੋਂ ਪਹਿਲਾਂ ਘਰ ਦੀਆਂ ਕੰਧਾਂ 'ਤੇ ਖ਼ੁਦਕੁਸ਼ੀ ਨੋਟ ਲਿਖ ਕੇ ਆਪਣੀ ਮੌਤ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀ ਤੇ ਵਿਅਕਤੀਆਂ ਦੇ ਨਾਂਅ ਲਿਖੇ ਸਨ ਜਿਨ੍ਹਾਂ ਵਲੋਂ ਲੱਖਾਂ 'ਚ ਪੈਸਿਆਂ ਦੀ ਕੀਤੀ ਜਾ ਰਹੀ ਮੰਗ ਤੋਂ ਉਹ ਪ੍ਰੇਸ਼ਾਨ ਹੋ ਚੁੱਕੇ ਸਨ।
ਸੇਵਾ ਮੁਕਤ ਜਸਟਿਸ ਅਜੀਤ ਸਿੰਘ ਦੀ ਅਗਵਾਈ ਹੇਠਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਕੇਸ ਆਪਣੇ ਹੱਥਾਂ ’ਚ ਲੈ ਕੇ ਇਸ ਦੀ ਜਾਂਚ ਕੀਤੀ ਸੀ।