Loot PNB Amritsar : ਪੰਜਾਬ ਨੈਸ਼ਨਲ ਬੈਂਕ ਦੀਆਂ ਦੋ ਬ੍ਰਾਂਚਾਂ 'ਚ ਲੁੱਟ ਮਾਮਲੇ ਨੂੰ ਲੈ ਕੇ ਹੋਏ ਹੋਰ ਖੁਲਾਸੇ ਅੰਮ੍ਰਿਤਸਰ :ਪਿਛਲੇ ਦਿਨੀਂ ਥਾਣਾ ਕੰਟੋਨਮੈਂਟ ਦੀ ਪੁਲਿਸ ਨੇ ਪੀਐਨਬੀ ਬੈਂਕ ਰਾਣੀ ਕਾ ਬਾਗ ਵਿੱਖੇ ਲੁੱਟ ਦੇ ਮੁਲਜ਼ਮਾਂ ਕੋਲੋਂ ਰਿਮਾਂਡ ਦੌਰਾਨ ਇੱਕ ਹੋਰ ਸਫਲਤਾ ਹਾਸਿਲ ਹੋਈ ਹੈ। ਮੁਲਜ਼ਮ ਲਾਲਜੀਤ ਤੇ ਗਗਨਜੀਤ ਸਿੰਘ ਨੇ ਰਿਮਾਂਡ ਦੌਰਾਨ ਦੱਸਿਆ ਕਿ ਪਿਛਲੇ ਸਾਲ ਪਿੰਡ ਕੱਥੂਨੰਗਲ ਦੇ ਪੀਐਨਬੀ ਬੈਂਕ ਵਿੱਚ ਹੋਈ ਲੁੱਟ ਵੀ ਇਨ੍ਹਾਂ ਦੋਵਾਂ ਵੱਲੋਂ ਕੀਤੀ ਗਈ ਸੀ। ਪੁਲਿਸ ਵੱਲੋਂ ਇਨ੍ਹਾਂ ਕੋਲੋਂ ਲੁੱਟ ਦੀ ਰਕਮ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ।
ਲੁੱਟ ਦੇ ਪੈਸਿਆਂ ਤੋਂ ਖਰੀਦਿਆਂ ਮੋਬਾਇਲ ਤੇ ਜਿਪਸੀ ਬਰਾਮਦ: ਇਸ ਮੌਕੇ ਗੱਲਬਾਤ ਕਰਦੇ ਹੋਏ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਪਿਛਲੇ ਦਿਨੀਂ ਰਾਣੀ ਕਾ ਬਾਗ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਲੁੱਟ ਦੇ ਮੁਲਜ਼ਮਾਂ ਕੋਲੋਂ ਰਿਮਾਂਡ ਦੌਰਾਨ ਹੋਰ ਖੁਲਾਸੇ ਹੋਏ ਹਨ। ਉਨ੍ਹਾਂ ਕਿਹਾ ਕਿ ਕੱਥੂ ਨੰਗਲ ਦੀ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਖੇ ਮਿਤੀ 19-12-2022 ਨੂੰ ਹੋਈ ਬੈਂਕ ਡਕੈਤੀ ਦੀ ਵਾਰਦਾਤ ਨੂੰ ਵੀ ਇਨ੍ਹਾਂ ਵੱਲੋ ਹੀ ਅੰਜਾਮ ਦਿੱਤਾ ਗਿਆ ਸੀ। ਇਸ ਵਿੱਚ ਇਨ੍ਹਾਂ ਵੱਲੋ ਵਾਰਦਾਤ ਸਮੇਂ ਵਰਤੀ 01 ਐਕਟਿਵਾ (ਚੋਰੀਸ਼ੁਦਾ), ਵਾਰਦਾਤ ਸਮੇਂ ਪਾਏ ਕਪੜੇ, 2 ਲੱਖ 90 ਹਜ਼ਾਰ, ਲੁੱਟ ਦੇ ਪੈਸਿਆਂ ਤੋਂ ਖ਼ਰੀਦੀ ਜਿਪਸੀ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਲਾਲਜੀਤ ਕੱਥੂਨੰਗਲ ਤੇ ਗਗਨਜੀਤ ਮਜੀਠਾ ਰੋਡ ਦਾ ਰਹਿਣਾ ਵਾਲੇ ਹਨ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਟਰੈਸ ਹੋਣ ਦੇ ਡਰ ਤੋਂ ਵੱਖੋਂ-ਵੱਖ ਹੋ ਗਏ ਸੀ। ਕੱਥੂਨੰਗਲ ਬ੍ਰਾਂਚ ਵਿੱਚ ਐਕਟਿਵਾ ਅਤੇ ਰਾਣੀ ਕਾ ਬਾਗ ਬੈਂਕ ਦੀ ਬ੍ਰਾਂਚ ਵਿੱਚ ਇਨ੍ਹਾਂ ਨੇ ਗੱਡੀ ਉੱਤੇ ਜਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਮੁਲਜ਼ਮ ਨਸ਼ਾ ਕਰਨ ਦੇ ਆਦੀ : ਪੁਲਿਸ ਅਧਿਕਾਰੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਇਹ ਨਸ਼ਾ ਕਰਨ ਦੇ ਆਦੀ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੋਰ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਉਨਾਂ ਦੱਸਿਆ ਕਿ ਇਨ੍ਹਾਂ ਵੱਲੋਂ ਲੁੱਟੇ ਹੋਏ ਕੁਝ ਪੈਸੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਬੈਂਕ ਰਾਹੀਂ ਭੇਜੇ ਗਏ ਹਨ। ਉਨ੍ਹਾਂ ਦੇ ਅਕਾਊਂਟ ਵੀ ਬੰਦ ਕਰਵਾ ਦਿੱਤੇ ਹਨ। ਜੇਕਰ, ਮੁਲਜ਼ਮਾਂ ਦੇ ਪਰਿਵਾਰਿਕ ਮੈਂਬਰਾਂ ਦੀ ਇਸ ਬੈਂਕ ਡਕੈਤੀ ਵਿੱਚ ਕੋਈ ਵੀ ਸ਼ਮੂਲੀਅਤ ਪਾਈ ਗਈ, ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਏਡੀਸੀਪੀ ਨੇ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਉੱਤੇ ਹੁਣ ਇੱਕ ਨਹੀਂ, ਦੋ ਬੈਂਕਾਂ ਵਿੱਚ ਡਕੈਤੀ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:Punjab Govt Expenditure : ਇਸ ਖਾਸ ਮੌਕੇ ਪੰਜਾਬ ਸਰਕਾਰ ਨੇ ਇਸ਼ਤਿਹਾਰਾਂ 'ਤੇ ਖ਼ਰਚੇ 16 ਕਰੋੜ, ਉਹ ਵੀ ਇੱਕ ਦਿਨ 'ਚ !