ਪੰਜਾਬ

punjab

ETV Bharat / state

ਸਿੱਖ ਸੰਸਥਾਵਾਂ ਉੱਪਰ ਕਾਬਜ਼ ਮਸੰਦਾਂ ਨੂੰ ਪਾਸੇ ਕਰਨ ਲਈ ਇੱਕਮੁੱਠਤਾ ਜਰੂਰੀ: ਯੂਨਾਈਟਿਡ ਅਕਾਲੀ ਦਲ - injured member of satikar committee

ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਸਰੂਪਾਂ ਨੂੰ ਲੈ ਕੇ ਧਰਨੇ ਉੱਤੇ ਬੈਠੇ ਸਤਿਕਾਰ ਕਮੇਟੀ ਦੇ ਮੈਂਬਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਰਮਿਆਨ ਝੜਪ ਵਿੱਚ ਸਤਿਕਾਰ ਕਮੇਟੀ ਦੇ ਜ਼ਖ਼ਮੀ ਹੋਏ ਨੁਮਾਇੰਦਿਆਂ ਦਾ ਹਾਲ ਲੈਣ ਲਈ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਪਹੁੰਚੇ।

ਸਿੱਖ ਸੰਸਥਾਵਾਂ ਉੱਪਰ ਕਾਬਜ਼ ਮਸੰਦਾਂ ਨੂੰ ਪਾਸੇ ਕਰਨ ਲਈ ਇੱਕਮੁੱਠਤਾ ਜਰੂਰੀ: ਬਠਿੰਡਾ
ਸਿੱਖ ਸੰਸਥਾਵਾਂ ਉੱਪਰ ਕਾਬਜ਼ ਮਸੰਦਾਂ ਨੂੰ ਪਾਸੇ ਕਰਨ ਲਈ ਇੱਕਮੁੱਠਤਾ ਜਰੂਰੀ: ਬਠਿੰਡਾ

By

Published : Oct 27, 2020, 8:56 PM IST

ਅੰਮ੍ਰਿਤਸਰ: ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਸਰੂਪਾਂ ਨੂੰ ਲੈ ਕੇ ਲੱਗੇ ਮੋਰਚੇ ਦੇ 41ਵੇਂ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਅਤੇ ਸਿੱਖ ਜਥੇਬੰਦੀਆਂ ਦੇ ਸਿੰਘਾਂ ਵਿਚਾਲੇ ਲੜਾਈ ਹੋ ਗਈ। ਜਿਸ ਵਿੱਚ ਦੋਨਾਂ ਧਿਰਾਂ ਦੇ ਬੰਦਿਆਂ ਨੂੰ ਸੱਟਾਂ ਲੱਗੀਆਂ।

ਸਿੱਖ ਜਥੇਬੰਦੀਆਂ ਦੇ ਫੱਟੜ ਹੋਏ ਨੁਮਾਇੰਦਿਆਂ ਦਾ ਪਤਾ ਲੈਣ ਲਈ ਪਹੁੰਚੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਨਾਲ ਈਟੀਵੀ ਭਾਰਤ ਦੀ ਟੀਮ ਨੇ ਵਿਸ਼ੇਸ਼ ਗੱਲਬਾਤ ਕੀਤੀ ਗਈ।

ਸਰੂਪਾਂ ਦੇ ਮਾਮਲੇ ਵਿੱਚ ਦੋਨਾਂ ਧਿਰਾਂ ਦੀ ਲੜਾਈ ਬਾਰੇ ਕੀ ਕਹਿਣਾ ਚਾਹੁੰਦੇ ਹੋ ?

ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਵਾਪਰੀ ਹੈ, ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਹੁਣ ਦੁਬਾਰਾ ਜਨਰਲ ਡਾਇਰ ਦੀ ਰੂਹ ਸ਼੍ਰੋਮਣੀ ਕਮੇਟੀ ਵਿੱਚ ਆ ਗਈ ਹੋਵੇ,ਕਿਉਂਕਿ ਟਾਸਕ ਫੋਰਸ ਨੇ ਸ਼ਾਂਤਮਈ ਢੰਗ ਨਾਲ ਬੈਠੇ ਸਿੰਘਾਂ ਉੱਪਰ ਹਮਲਾ ਕੀਤਾ।

ਮੋਰਚੇ ਵਾਲਿਆਂ ਨੂੰ ਚੁੱਕ ਕੇ ਅੰਦਰ ਲਿਜਾ ਕੇ ਕੁੱਟਮਾਰ ਕਰਨੀ ਅਤਿ ਨਿੰਦਣਯੋਗ ਘਟਨਾ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀ ਕਿ ਸਰੂਪਾਂ ਦੇ ਮਾਮਲੇ ਵਿੱਚ ਉਹ ਕਾਰਵਾਈ ਕਰਨਗੇ,ਪਰ ਬਾਅਦ ਵਿੱਚ ਆਪ ਹੀ ਪਿੱਛੇ ਹਟ ਗਏ।

ਵੇਖੋ ਵੀਡੀਓ।

ਗੁਰੂ ਸਾਹਿਬ ਦੇ ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਨਸਾਫ਼ ਨਹੀਂ ਕੀਤਾ।ਜੇਕਰ ਸਿੰਘ ਗੁਰੂ ਦੇ ਸਰੂਪਾਂ ਬਾਰੇ ਹਿਸਾਬ ਮੰਗ ਰਹੇ ਸੀ ਤਾਂ ਕੋਈ ਮਾੜੀ ਗੱਲ ਹੈ। ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਕਿ ਪੁਲਸ ਚੁੱਕ ਕੇ ਗ਼ੈਰ ਮਨੁੱਖੀ ਤਸ਼ਦੱਦ ਕਰਦੀ ਹੈ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਬੀਬੀਆਂ ਤੇ ਸਿੰਘਾਂ ਨੂੰ ਕੁੱਟਿਆ, ਠੁੱਡੇ ਮਾਰੇ ਜੋ ਕਿ ਬਰਦਾਸਤ ਤੋਂ ਬਾਹਰ ਦੀ ਗੱਲ ਹੈ।ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਜਿੱਥੇ ਉਹ ਇਨ੍ਹਾਂ ਸਿੰਘਾਂ ਦਾ ਹੌਸਲਾ ਅਫ਼ਜ਼ਾਈ ਕਰਨ ਲਈ ਪਹੁੰਚੇ ਹਨ, ਉੱਥੇ ਦੂਜੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਅਗਲੀ ਲੜਾਈ ਵਿੱਢੀ ਜਾਵੇਗੀ।

ਇੱਕ ਪਾਸੇ ਸ੍ਰੋਮਣੀ ਕਮੇਟੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਬਾਰੇ ਬਿਆਨ ਦਾਗਦੀ ਰਹਿੰਦੀ ਹੈ, ਹੁਣ ਖ਼ੁਦ ਇਹਨਾਂ ਨੇ ਬੇਅਬਦੀ ਕੀਤੀ?

ਉਨ੍ਹਾਂ ਕਿਹਾ ਕਿ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਮਸੰਦ ਸਾੜੇ ਗਏ ਸੀ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਸਮਝਾਉਣਾ ਦੂਰ ਦੀ ਗੱਲ ਹੋ ਗਈ ਹੈ ਕਿਉਂਕਿ ਭ੍ਰਿਸ਼ਟਾਚਾਰ ਨੇ ਇਨ੍ਹਾਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੁਝ ਚੰਗੇ ਲੋਕ ਵੀ ਹੋਣਗੇ ਪਰ ਜ਼ਿਆਦਾਤਰ ਜਿਨ੍ਹਾਂ ਲੋਕਾਂ ਦਾ ਕਮੇਟੀ 'ਤੇ ਕਬਜ਼ਾ ਖ਼ਾਸ ਕਰਕੇ ਬਾਦਲ ਪਰਿਵਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ,ਇਨ੍ਹਾਂ ਲੋਕਾਂ ਵੱਲੋਂ ਕੌਮ ਦੀ ਸ਼ਕਤੀ ਦੁਸ਼ਮਣਾਂ ਦੇ ਹੱਥ ਦੇ ਹੱਥ ਦੇ ਦਿੱਤਾ ਹੈ, ਇਸ ਲਈ ਸਾਰੀ ਕੌਮ ਨੂੰ ਇਕੱਠੇ ਹੋ ਕੇ ਇਨ੍ਹਾਂ ਖਿਲਾਫ ਲੜਾਈ ਲੜਨੀ ਪਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਰਲ ਕੇ ਖੇਡ ਰਹੇ ਹਨ।ਪੁਲਸ ਵੱਲੋਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ 'ਤੇ ਮਾਮਲੇ ਦਰਜ ਕਰ ਦਿੱਤੇ,ਪਰ ਜਥੇਬੰਦੀਆਂ ਦੇ ਬਿਆਨਾਂ ਨੂੰ ਗੰਭਰੀਤਾ ਨਾਲ ਨਹੀਂ ਲਿਆ।

ਸਾਰੀਆਂ ਹੀ ਜਥੇਬੰਦੀਆਂ ਕਹਿੰਦੀਆਂ ਹਨ ਕਿ ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣਾ ਹੈ ਪਰ ਖੁਦ ਵੰਡੇ ਹੋਏ ਹਨ

ਉਨ੍ਹਾਂ ਕਿਹਾ ਕਿ ਤੁਹਾਡਾ ਸਵਾਲ ਠੀਕ ਹੈ ਪਰ ਅਸੀਂ ਆਪਣੀ ਜਥੇਬੰਦੀ ਵੱਲੋਂ ਪੂਰੀ ਗੰਭੀਰਤਾ ਅਤੇ ਅਤੇ ਨਿਮਰਤਾ ਨਾਲ ਘਰ ਘਰ ਜਾ ਕੇ ਸਿੱਖ ਜਥੇਬੰਦੀਆਂ ਦੇ ਲੋਕਾਂ ਨੂੰ ਇਕੱਠਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ,ਇਸ ਲਈ ਸਾਨੂੰ ਆਪਣੀ ਹਉਮੈ/ ਹੰਕਾਰ ਮਾਰ ਕੇ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਜੋ ਸਿੱਖ ਸੰਸਥਾਵਾਂ ਤੋਂ ਮਸੰਦਾਂ ਦਾ ਕਬਜ਼ਾ ਹਟਾਇਆ ਜਾ ਸਕੇ।

ABOUT THE AUTHOR

...view details