ਚੰਡੀਗੜ੍ਹ: ਇਕ ਪਾਸੇ ਜਿਥੇ ਪੰਜਾਬ ਵਿਚ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਅੱਜ ਦੇਸ਼ ਦੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਡੇਰਾ ਬਿਆਸ ਪਹੁੰਚੇ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੈਠ ਕੇ ਸਤਿਸੰਗ ਸੁਣਿਆ ਤੇ ਇਸ ਦੌਰਾਨ ਉਹਨਾਂ ਦੇ ਨਾਲ ਸੁਰੱਖਿਆ ਕੰਪਨੀ ਵੀ ਵਧੀ ਹੋਈ ਗਿਣਤੀ ਵਿੱਚ ਮੌਜੂਦ ਸੀ। ਸਤਿਸੰਗ ਸੁਣਨ ਉਪਰੰਤ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ।
ਡੇਰਾ ਬਿਆਸ 'ਚ ਬਣੇ ਹਵਾਈ ਅੱਡੇ ਉੱਤਰੇ ਸਨ ਰਾਜਨਾਥ:ਦੱਸ ਦਈਏ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਸ਼ੇਸ਼ ਹੈਲੀਕਾਪਟਰ ਰਾਹੀਂ ਡੇਰਾ ਬਿਆਸ ਪਹੁੰਚੇ ਤੇ ਇਸ ਦੌਰਾਨ ਡੇਰਾ ਬਿਆਸ 'ਚ ਬਣੇ ਹਵਾਈ ਅੱਡੇ 'ਤੇ ਉਹਨਾਂ ਦਾ ਹੈਲੀਕਾਪਟ ਉਤਰਿਆ ਸੀ। ਰਾਜਨਾਥ ਸਿੰਘ ਸਵੇਰੇ ਕਰੀਬ 9 ਵਜੇ ਹਵਾਈ ਜਹਾਜ਼ ਰਾਹੀਂ ਡੇਰਾ ਬਿਆਸ 'ਚ ਦਾਖ਼ਲ ਹੋ ਗਏ ਸਨ। ਇਸ ਮੌਕੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਵੱਲੋਂ ਸੁਰੱਖਿਆ ਦੇ ਪੁਖਤਾਂ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਇਸ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਤੇ ਇਹ ਇੱਕ ਗੁਪਤ ਮੁਲਾਕਾਤ ਕੀਤੀ ਗਈ ਹੈ।