ਅੰਮ੍ਰਿਤਸਰ: ਵੇਰਕਾ ਬਾਈਪਾਸ ਨੂੰ ਜਾਂਦੀ ਸੜਕ 'ਤੇ ਖੇਤਾਂ ਵਿੱਚੋਂ ਇੱਕ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ ਹੈ, ਜਿਸ ਬਾਰੇ ਪੁਲਿਸ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਦਿਨ-ਦਿਹਾੜੇ ਕਤਲ ਦੀ ਵਾਰਦਾਤ ਹੋਣ ਨੂੰ ਲੈ ਕੇ ਆਸ-ਪਾਸ ਖੇਤਾਂ ਵਾਲਿਆਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਅਰੰਭ ਦਿੱਤੀ ਹੈ।
ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਵੇਰਕਾ ਬਾਈਪਾਸ ਨੇੜੇ ਖੇਤਾਂ ਵਿੱਚੋਂ ਲਾਸ਼ ਮਿਲਣ ਬਾਰੇ ਸੂਚਨਾ ਮਿਲੀ ਸੀ। ਜਦੋਂ ਉਨ੍ਹਾਂ ਨੇ ਇਥੇ ਪੁੱਜ ਕੇ ਵੇਖਿਆ ਤਾਂ ਇੱਕ ਨੌਜਵਾਨ ਮ੍ਰਿਤ ਪਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਸਰੀਰ 'ਤੇ ਇੱਕ ਗੋਲੀ ਦਾ ਨਿਸ਼ਾਨ ਵਿਖਾਈ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਤਾ ਲੱਗਿਆ ਹੈ ਕਿ ਇਹ ਨੌਜਵਾਨ ਕਿਸਾਨ ਖੇਤਾਂ ਵਿੱਚ ਕੰਮ ਕਰਨ ਆਇਆ ਸੀ, ਜਿਸ ਨੂੰ ਕਤਲ ਕੀਤਾ ਗਿਆ ਹੈ।