ਘਟਨਾ ਬਾਰੇ ਜਾਣਕਾਰੀ ਦਿੰਦੇ ਪਰਿਵਾਰ ਤੇ ਪੁਲਿਸ ਅੰਮ੍ਰਿਤਸਰ:ਉੱਤਰ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ। ਸਰਦੀਆਂ ਦੇ ਮੌਕੇ ਲੋਕਾਂ ਵਲੋਂ ਠੰਡ ਤੋਂ ਬਚਣ ਲੲਈ ਅੰਗੀਠੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਵਾਰ ਉਹ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ, ਜਿਥੇ ਤਹਿਸੀਲ ਅਜਨਾਲਾ ਵਿੱਚ ਠੰਢ ਤੋਂ ਬਚਣ ਲਈ ਰਾਤ ਸਮੇਂ ਬਾਲੀ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਰਕੇ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਪੈਲੇਸ 'ਚ ਕੰਮ ਕਰਦੇ ਸੀ ਮ੍ਰਿਤਕ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅਜਨਾਲਾ ਸ਼ਹਿਰ ਵਿੱਚ ਇੱਕ ਪੈਲੇਸ ਵਿਖੇ ਕੰਮ ਕਰਦੇ 2 ਵਿਅਕਤੀ ਬੀਤੀ ਰਾਤ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਪਏ ਸਨ ਤੇ ਇਸ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਾਰਨ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ। ਉਧਰ ਲਾਸ਼ਾਂ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ।
ਠੰਡ ਤੋਂ ਬਚਣ ਲਈ ਬਾਲੀ ਸੀ ਅੰਗੀਠੀ: ਇਸ ਸਬੰਧੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਵਿਅਕਤੀ ਅਜਨਾਲਾ ਦੇ ਇੱਕ ਪੈਲੇਸ ਵਿੱਚ ਕੰਮ ਕਰਦੇ ਸੀ ਜਿੱਥੇ ਰਾਜ ਸਮੇਂ ਠੰਢ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੁੱਤੇ ਹੋਏ ਸੀ। ਇਸ ਦੌਰਾਨ ਕਮਰੇ ਅੰਦਰ ਅੰਗੀਠੀ ਦੀ ਗੈਸ ਦੇ ਨਾਲ ਦਮ ਘੁੱਟਣ ਕਰਕੇ ਦੋਵਾਂ ਦੀ ਮੌਤ ਹੋ ਗਈ ਅਤੇ ਸਵੇਰੇ ਜਦੋਂ ਲੋਕਾਂ ਨੇ ਬੂਹਾ ਖੋਲ੍ਹ ਕੇ ਦੇਖਿਆ ਤਾਂ ਦੋਵਾਂ ਦੀ ਅੰਦਰ ਮੌਤ ਹੋ ਚੁੱਕੀ ਸੀ, ਜਿਨ੍ਹਾਂ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਪੁਲਿਸ ਨੇ ਘਟਨਾ 'ਚ ਕੀਤੀ ਕਾਰਵਾਈ: ਇਸ ਸਬੰਧੀ ਥਾਣਾ ਅਜਨਾਲਾ ਦੇ ਐੱਸਐੱਚਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਦੋਵੇਂ ਪੈਲੇਸ ਵਿੱਚ ਕੰਮ ਕਰਦੇ ਸੀ ਤੇ ਰਾਤ ਸਮੇਂ ਕੋਲੇ ਦੀ ਅੰਗੀਠੀ ਬਾਲ ਕੇ ਸੁੱਤੇ ਹੋਏ ਸੀ ਜਿਸ ਦੌਰਾਨ ਕੋਲੇ ਦੀ ਅੰਗੀਠੀ ਦੀ ਗੈਸ ਚੜ੍ਹਨ ਕਰਕੇ ਇਨ੍ਹਾਂ ਦੀ ਮੌਤ ਹੋ ਗਈ ਹੈ। ਜਿਸ ਸਬੰਧ ਵਿੱਚ 174 ਦੀ ਕਾਰਵਾਈ ਕਰਕੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।