ਅੰਮ੍ਰਿਤਸਰ :ਬੰਦਿਆਂ ਦੇ ਕੈਨੇਡਾ ਅਮਰੀਕਾ ਦੇ ਵੀਜੇ ਲੱਗਦੇ ਤਾਂ ਤੁਸੀਂ ਆਮ ਸੁਣੇ ਹੋਣਗੇ, ਪਰ ਅੰਮ੍ਰਿਤਸਰ ਦੇ ਦੋ ਆਮ ਕੁੱਤੇ ਹੁਣ ਖਾਸ ਬਣਕੇ ਕੈਨੇਡਾ ਦੀ ਧਰਤੀ ਉੱਤੇ ਪੈਰ ਧਰਨਗੇ। ਦਰਅਸਲ ਅੰਮ੍ਰਿਤਸਰ ਸ਼ਹਿਰ ਦੇ 2 ਲਾਵਾਰਿਸ ਕੁੱਤਿਆਂ ਨੂੰ ਵਿਸ਼ੇਸ਼ ਸ਼ਰਤਾਂ ਤਹਿਤ ਕੈਨੇਡਾ ਜਾਣ ਦਾ ਮੌਕਾ ਮਿਲ ਰਿਹਾ ਹੈ। ਜਾਣਕਾਰੀ ਮੁਤਾਬਿਕ ਲਿੱਲੀ ਤੇ ਡੇਜੀ ਨਾਂ ਦੇ ਦੋ ਲਾਵਾਰਿਸ ਕੁੱਤਿਆਂ ਨੂੰ ਐਨੀਮਲ ਵੈਲਫੇਅਰ ਐਂਡ ਕੇਅਰ ਸੋਸਾਇਟੀ ਦੀ ਡਾ.ਨਵਨੀਤ ਕੌਰ ਆਪਣੇ ਨਾਲ ਕੈਨੇਡਾ ਲੈ ਕੇ ਜਾ ਰਹੀ ਹੈ। ਉੱਥੋਂ ਦੀ ਵਸਨੀਕ ਬਰੈਂਡਾ ਨਾਂ ਦੀ ਮਹਿਲਾ ਨੇ ਇਨ੍ਹਾਂ ਕੁੱਤਿਆਂ ਦੀ ਮੰਗ ਕੀਤੀ ਹੈ। ਹੁਣ ਇਨ੍ਹਾਂ ਦੇ ਪਾਸਪੋਰਟ ਬਣਾਏ ਜਾ ਰਹੇ ਹਨ। ਹਾਲਾਂਕਿ ਜਾਨਵਰਾਂ ਦੇ ਵੀਜੇ ਨਹੀਂ ਲੱਗਦੇ ਪਰ ਬਿਨਾਂ ਪਾਸਪੋਰਟ ਨਹੀਂ ਲੈ ਕੇ ਜਾ ਸਕਦੇ। ਇਸ ਤੋਂ ਇਲਾਵਾ ਕੁੱਝ ਸ਼ਰਤਾਂ ਵੀ ਹਨ, ਜੋ ਡਾ.ਨਵਨੀਤ ਕੌਰ ਪੂਰਾ ਕਰ ਰਹੇ ਹਨ।
ਕਿਉਂ ਜਾ ਰਹੇ ਕੁੱਤੇ ਕੈਨੇਡਾ :ਇਸ ਬਾਰੇ ਗੱਲ ਕਰਦਿਆਂ ਐਨੀਮਲ ਵੈਲਫੇਅਰ ਐਂਡ ਕੇਅਰ ਸੋਸਾਇਟੀ ਦੀ ਡਾਕਟਰ ਨਵਨੀਤ ਕੌਰ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦੋ ਕੁੱਤਿਆਂ ਲਿਲੀ ਅਤੇ ਡੇਜ਼ੀ ਨੂੰ ਆਪਣੇ ਨਾਲ ਕੈਨੇਡਾ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡੀਅਨ ਮਹਿਲਾ ਔਰਤ ਬਰੈਂਡਾ ਨੇ ਲਿਲੀ ਅਤੇ ਡੇਜ਼ੀ ਨੂੰ ਗੋਦ ਲਿਆ ਹੈ ਅਤੇ ਇਸੇ ਕਰਕੇ ਉਹ ਇਨ੍ਹਾਂ ਕੁੱਤਿਆਂ ਨੂੰ ਆਪਣੇ ਨਾਲ ਲੈ ਕੇ ਜਾਣ ਦੀਆਂ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ 6 ਕੁੱਤਿਆਂ ਨੂੰ ਆਪਣੇ ਨਾਲ ਵਿਦੇਸ਼ ਲੈ ਕੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਅਮਰੀਕਾ 'ਚ ਉਸਦੇ ਨਾਲ ਰਹਿੰਦੇ ਹਨ। ਡਾ. ਨਵਨੀਤ ਨੇ ਦੱਸਿਆ ਕਿ ਉਹ ਖੁਦ ਅਮਰੀਕਾ ਵਿੱਚ ਰਹਿੰਦੀ ਹੈ, ਪਰ ਅੰਮ੍ਰਿਤਸਰ ਵਿੱਚ ਵੀ ਉਸਦਾ ਘਰ ਹੈ।