ਅੰਮ੍ਰਿਤਸਰ: ਚੋਰਾਂ ਤੋਂ ਤੰਗ ਆਏ ਲੋਕਾਂ ਨੇ ਅੱਕ ਕੇ ਹੁਣ ਖੁਦ ਅਜਿਹੇ ਚੋਰਾਂ ਖਿਲਾਫ ਡੰਡਾ ਚੁੱਕ ਲਿਆ ਹੈ। ਤਾਜਾ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਦਾ ਹੈ ਜਿੱਥੇ ਇੱਕ ਅੋਰਤ ਦਾ ਪਰਸ ਖੋਹ ਭੱਜ ਰਹੇ ਬਾਈਕ ਸਵਾਰਾਂ ਨੂੰ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਕਾਬੂ ਕਰ ਰੱਜ ਕੇ ਛਿੱਤਰ ਪਰੇਡ ਕੀਤੀ ਅਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਥਾਣਾ ਬਿਆਸ ਐੱਸਐੱਚਓ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਵਾਸੀ ਫੇਰੂਮਾਨ ਜੋ ਕਿ ਰਈਆ ਬੱਸ ਅੱਡਾ ਮੰਡੀ ਨੇੜੇ ਖੜ੍ਹੇ ਸੀ ਕਿ ਇਸ ਦੌਰਾਨ ਦੋ ਬਾਈਕ ਸਵਾਰ ਉਨ੍ਹਾਂ ਦਾ ਪਰਸ ਤੇ ਫੋਨ ਝਪਟ ਕੇ ਭੱਜੇ। ਇਸ ਘਟਨਾ ਤੋਂ ਬਾਅਦ ਔਰਤ ਵੱਲੋਂ ਰੌਲਾ ਪਾਉਣ ’ਤੇ ਕੁਝ ਲੋਕਾਂ ਨੇ ਬਾਈਕ ਸਵਾਰਾਂ ਨੂੰ ਕਾਬੂ ਕਰ ਰਈਆ ਚੌਂਕੀ ਇੰਚਾਰਜ ਸਬ ਇੰਸਪੈਕਟਰ ਰਘਬੀਰ ਸਿੰਘ ਦੇ ਹਵਾਲੇ ਕਰ ਦਿੱਤਾ ਸੀ।