ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਕਮਿਸ਼ਨਰ (Police Commissioner) ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ 'ਚ ਲੁੱਟ ਖੋਹਾਂ ਦੀਆਂ ਵਾਰਦਾਤਾਂ ਰੋਕਣ ਦੇ ਲਈ ਚਲਾਈ ਮੁਹਿੰਮ ਦੇ ਤਹਿਤ, ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਦੇ ਅੰਦਰ ਪੈਂਦੇ ਗ੍ਰੀਨ ਐਵਨਿਊ (Green Avenue) ਵਿਖੇ ਹੋਈ ਚੋਰੀ ਦੇ ਮਾਮਲੇ ਵਿੱਚ ਦੋ ਫ਼ਰਾਰ ਦੋਸ਼ੀਆਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਔਰਤ ਪਹਿਲਾਂ ਹੀ ਗ੍ਰਿਫ਼ਤਾਰ ਕੀਤੀ ਗਈ ਸੀ।
ਦੱਸ ਦੇਈਏ ਕਿ ਇਹ ਘਟਨਾ 08 ਅਕਤੂਬਰ ਨੂੰ ਦੁਪਹਿਰ ਸਮੇਂ ਸ੍ਰੀਮਤੀ ਪ੍ਰਭਾ ਟੰਡਨ ਪਤਨੀ ਲੇਟ ਸ੍ਰੀ ਮਨੋਹਰ ਲਾਲ ਟੰਡਨ ਦੀ ਕੋਠੀ ਨੰਬਰ ਅਠਾਈ (ਟੰਡਨ ਹਾਊਸ) ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਵਾਰਦਾਤ ਕੀਤੀ ਗਈ ਸੀ। ਜਿਸ ਵਿੱਚ ਸ੍ਰੀਮਤੀ ਪ੍ਰਭਾ ਟੰਡਨ ਪਾਸੋਂ ਜਬਰਦਸਤੀ ਉਸਦੀਆਂ ਪਹਿਨੀਆਂ ਹੋਈਆਂ ਸੋਨੇ ਦੀਆਂ ਚੂੜੀਆਂ, ਉਸ ਦਾ ਮੋਬਾਇਲ ਅਤੇ ਉਸਦੇ ਡਰਾਈਵਰ ਰਵੀ ਜਾਧਵ ਦੇ ਬੱਚਿਆਂ ਤੋਂ ਤਿੰਨ ਮੋਬਾਇਲ ਦੀ ਲੁੱਟ ਕੀਤੀ ਗਈ ਸੀ।
ਜਿਸ ਸੰਬੰਧੀ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਆਦੇਸ਼ਾਂ ਅਨੁਸਾਰ ਏਸੀਪੀ ਸਰਬਜੀਤ ਸਿੰਘ ਬਾਜਵਾ ਤੇ ਥਾਣਾ ਸਿਵਲ ਲਾਈਨ ਦੇ ਐਸਐਚਓ ਸ਼ਿਵਦਰਸ਼ਨ ਨੇ ਟੀਮ ਵੱਲੋਂ ਜਾਂਚ ਕਰਦੇ ਹੋਏ ਮੁਕੱਦਮੇ ਵਿੱਚ ਜਸਵਿੰਦਰ ਕੌਰ ਪਤਨੀ ਪਰਮਜੀਤ ਵਾਸੀ ਗਲੀ ਨੰਬਰ ਇੱਕ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।