ਅੰਮ੍ਰਿਤਸਰ:ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਬੀਐੱਸਐੱਫ ਅਧਿਕਾਰੀਆਂ ਨਾਲ ਮਿਲ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਅਟਾਰੀ ਵਿਖੇ ਬੀਐੱਸਐੱਫ ਰੇਂਜਰ ਨੂੰ ਮਠਿਆਈਆਂ ਭੇਟ ਕੀਤੀਆਂ। ਇਸ ਮੌਕੇ ਬੀ.ਐਸ.ਐਫ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅੱਜ ਦੇ ਦਿਨ ਭਾਰਤ ਆਜ਼ਾਦ ਹੋਇਆ ਅਤੇ ਸਾਰਿਆਂ ਨੂੰ ਇਸ ਦਿਨ ਦੀ ਵਧਾਈ ਹੋਵੇ।
ਅਟਾਰੀ-ਵਾਹਗਾ ਸਰਹੱਦ 'ਤੇ ਬੀਐੱਸਐੱਫ ਵੱਲੋਂ ਲਹਿਰਾਇਆ ਗਿਆ ਤਿਰੰਗਾ, ਦੋਵਾਂ ਦੇਸ਼ਾਂ 'ਚ ਸ਼ਾਂਤੀ ਸਬੰਧਾਂ ਲਈ ਕੀਤੀ ਕਾਮਨਾ
ਅਟਾਰੀ-ਵਾਹਗਾ ਸਰਹੱਦ ਉੱਤੇ ਆਜ਼ਾਦੀ ਦਿਹਾੜੇ ਮੌਕੇ ਬੀਐੱਸਐੱਫ ਵੱਲੋਂ ਜਿੱਥੇ ਤਿਰੰਗਾ ਲਹਿਰਾਇਆ ਗਿਆ ਉੱਥੇ ਹੀ ਪਰੇਡ ਵੀ ਕੀਤੀ ਗਈ। ਇਸ ਮੌਕੇ ਭਾਰਤੀ ਜਵਾਨਾਂ ਨੇ ਪਾਕਿਸਤਾਨ ਦੇ ਰੇਂਜਰਾ ਨੂੰ ਮਠਿਆਈਆਂ ਵੰਡ ਕੇ ਆਜ਼ਾਦੀ ਦਾ ਜਸ਼ਨ ਮਨਾਇਆ। ਬੀਐੱਸਐੱਫ ਦੇ ਡੀਜੀਪੀ ਨੇ ਦੋਵਾਂ ਮੁਲਕਾਂ ਵਿਚਾਲੇ ਚੰਗੇ ਸਬੰਧਾਂ ਦੀ ਕਾਮਨਾ ਵੀ ਕੀਤੀ।
ਕੌਮਾਂਤਰੀ ਸਰਹੱਦ ਉੱਤੇ ਲਹਿਰਾਇਆ ਤਿਰੰਗਾ: ਕੌਮਾਂਤਰੀ ਭਾਰਤ-ਪਾਕਿ ਸਰਹੱਦ 'ਤੇ ਸਾਂਝੇ ਚੈੱਕ ਪੁਆਇੰਟ ਅਟਾਰੀ ਵਿਖੇ ਬੀਐਸਐਫ ਦੇ ਡੀਆਈਜੀ ਸੰਜੇ ਗੌੜ ਦੀ ਤਰਫੋਂ ਤਿਰੰਗਾ ਲਹਿਰਾਇਆ ਅਤੇ ਬੀਐੱਸਐੱਫ ਦੇ ਜਵਾਨਾਂ ਨੂੰ ਸੰਬੋਧਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਠਿਆਈਆਂ ਵੀ ਭੇਟ ਕੀਤੀਆਂ ਗਈਆਂ। ਡੀਆਈਜੀ ਸੰਜੇ ਗੌੜ ਨੇ ਇਸ ਮੌਕੇ ਸੰਬੋਧਨ ਦੋਵਾਂ ਦੇਸ਼ਾਂ ਦਰਮਿਆਨ ਅਮਨ-ਸ਼ਾਂਤੀ ਬਣੇ ਰਹਿਣ ਦੀ ਅਰਦਾਸ ਕੀਤੀ। ਬੀਐੱਸਐੱਫ ਦੇ ਡੀਆਈਜੀ ਸੰਜੇ ਗੌੜ ਨੇ ਕਿਹਾ ਕਿ ਕਿਸੇ ਨੂੰ ਵੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਭਾਵੇਂ ਉਹ ਗੁਆਂਢੀ ਦੇਸ਼ ਹੀ ਕਿਉਂ ਨਾ ਹੋਵੇ।
ਕੀਮਤੀ ਆਜ਼ਾਦੀ ਰੱਖਾਂਗੇ ਬਰਕਰਾਰ: ਬੀਐੱਸਐੱਫ ਦੇ ਡੀਆਈਜੀ ਸੰਜੇ ਗੌੜ ਨੇ ਅੱਗੇ ਕਿਹਾ ਕਿ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਬਰਤਾਨਵੀ ਹੁਕੂਮਤ ਤੋਂ ਭਾਰਤ ਨੂੰ ਕੀਮਤੀ ਆਜ਼ਾਦੀ ਮਿਲੀ ਹੈ ਅਤੇ ਇਸ ਆਜ਼ਾਦੀ ਨੂੰ ਉਨ੍ਹਾਂ ਵੱਲੋਂ ਹਰ ਕੀਮਤ ਉੱਤੇ ਕਾਇਮ ਰੱਖਿਆ ਜਾਵੇਗਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ-ਪਾਕਿਸਤਾਨ ਦੇ ਆਪਸੀ ਸਬੰਧ ਭਾਵੇਂ ਪਿਛਲੇ ਸਮਿਆਂ ਦੌਰਾਨ ਵਿਗੜੇ ਨੇ ਪਰ ਫਿਰ ਵੀ ਉਹ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਉਣ ਦੀ ਪਹਿਲ ਕਰਨ ਲਈ ਹਮੇਸ਼ਾ ਦੀ ਤਰ੍ਹਾਂ ਤਿਆਰ ਹਨ।
ਦੇਸ਼ ਸੁਰੱਖਿਆ ਲਈ ਹਰ ਦਮ ਤਿਆਰ:ਡੀਆਈਜੀ ਸੰਜੇ ਗੌੜ ਨੇ ਇਸ ਮੌਕੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਬਾਰਡਰ ਦੀ ਸੁਰੱਖਿਆ ਲਈ ਹਰ ਦਮ ਤਿਆਰ ਹਨ ਅਤੇ ਇਸ ਸੁਰੱਖਿਆ ਵਿੱਚ ਉਹ ਆਪਣੀ ਜਾਨ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਨਾਲ ਹੀ ਉਨ੍ਹਾਂ ਕਿਹਾ ਬਾਰਡਰ ਸਿਕਿਓਰਿਟੀ ਫੋਰਸ ਦੇ ਹੁੰਦੇ ਹੋਏ ਕਿਸੇ ਵੀ ਦੇਸ਼ ਵਾਸੀ ਨੂੰ ਘਬਰਾਉਣ ਦੀ ਲੋੜ ਨਹੀਂ, ਬੀਐੱਸਐੱਫ ਉਨ੍ਹਾਂ ਦੀ ਰੱਖਿਆ ਲਈ ਬਾਰਡਰ ਉੱਤੇ ਹਰ ਸਮੇਂ ਮੌਜੂਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁਸ਼ਮਣ ਦੀਆਂ ਨਾਪਾਕ ਚਾਲਾਂ ਦਾ ਉਹ ਮੂੰਹ ਤੋੜ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦੇ ਹਨ।