ਅੰਮ੍ਰਿਤਸਰ :ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨਮਿਤ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸੰਗਰਾਣਾ ਸਾਹਿਬ ਵਿਖੇ ਹੋਇਆ, ਜਿਸ ਵਿਚ ਸੱਚਖੰਡ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਸਿੱਖ ਕੌਮ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਜਥੇਦਾਰ ਵੇਦਾਂਤੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਪੰਥਕ ਸ਼ਖ਼ਸੀਅਤਾਂ ਵੱਲੋਂ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਸ਼ਰਧਾਂਜਲੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ੇਸ਼ ਸਨਮਾਨ ਬਾਰੇ ਕਰਾਂਗੇ ਵਿਚਾਰ : ਗਿਆਨੀ ਹਰਪ੍ਰੀਤ ਸਿੰਘ
ਸਭ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਪੰਥਕ ਸਨਮਾਨ ਦੇਣ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਚ ਵਿਚਾਰ ਕਰਨ ਬਾਰੇ ਕਿਹਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇਦਾਰ ਵੇਦਾਂਤੀ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਲਗਾਉਣ ਦਾ ਐਲਾਨ ਕੀਤਾ।
ਤਲਵੰਡੀ ਕਲਾਂ ਦੇ ਸਕੂਲ ਦਾ ਨਾਮ ਹੋਵੇਗਾ ਗਿਆਨੀ ਜੋਗਿੰਦਰ ਸਿੰਘ ਦੇ ਨਾਮ 'ਤੇ : ਸਰਕਾਰ
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪਹੁੰਚੇ ਨੁਮਾਇੰਦੇ ਅਮਰਜੀਤ ਸਿੰਘ ਨੇ ਸਰਕਾਰ ਵੱਲੋਂ ਐਲਾਨ ਕੀਤਾ ਕਿ ਮਰਹੂਮ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਪੁਸਤੈਨੀ ਪਿੰਡ ਤਲਵੰਡੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਗਿਆਨੀ ਜੀ ਦੇ ਨਾਮ ਉਤੇ ਰੱਖਿਆ ਜਾਵੇਗਾ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਸ਼ਖ਼ਸੀਅਤ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਸਿੱਖ ਸਿਧਾਂਤਾਂ ਨੂੰ ਪ੍ਰਣਾਏ ਹੋਏ ਸਿੱਖ ਰਹਿਤ ਮਰਯਾਦਾ ਦੇ ਪਹਿਰੇਦਾਰ ਸਨ। ਉਨ੍ਹਾਂ ਨੂੰ ਹੱਥ ਲਿਖਤ ਬੀੜਾਂ ਪ੍ਰਤੀ ਡੂੰਘੀ ਸਮਝ ਸੀ ਅਤੇ ਉਨ੍ਹਾਂ ਵੱਲੋਂ ਗੁਰਬਾਣੀ ਵਿਆਕਰਣ ਪ੍ਰਤੀ ਪਾਇਆ ਯੋਗਦਾਨ ਵੀ ਸਦਾ ਯਾਦ ਰੱਖਿਆ ਜਾਵੇਗਾ।
ਗਿਆਨੀ ਜੋਗਿੰਦਰ ਸਿੰਘ ਦੀ ਤਸਵੀਰ ਲੱਗੇਗੀ ਸਿੱਖ ਅਜਾਇਬ ਘਰ ਵਿਚ : ਜਗੀਰ ਕੌਰ
ਬੀਬੀ ਜਗੀਰ ਕੌਰ ਨੇ ਆਖਿਆ ਕਿ ਜਥੇਦਾਰ ਵੇਦਾਂਤੀ ਦੇ ਚਲਾਣੇ ਨਾਲ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਵੇਦਾਂਤੀ ਨੇ ਹਮੇਸ਼ਾ ਹੀ ਪੰਥਕ ਰਵਾਇਤਾਂ ਅਤੇ ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਜੀਵਿਆ ਅਤੇ ਉਨ੍ਹਾਂ ਵੱਲੋਂ ਬਤੌਰ ਜਥੇਦਾਰ ਲਏ ਗਏ ਕਈ ਵੱਡੇ ਫੈਸਲੇ ਹਮੇਸ਼ਾਂ ਕੌਮ ਦੀ ਅਗਵਾਈ ਕਰਦੇ ਰਹਿਣਗੇ।
ਜਥੇਦਾਰ ਵੇਦਾਂਤੀ ਦੇ ਚਲਾਣੇ ਨਾਲ ਇਕ ਗੁਣਵਾਨ ਸਿੱਖ ਵਿਦਵਾਨ ਤੋਂ ਕੌਮ ਵਾਂਝੀ ਹੋ ਗਈ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਥੇਦਾਰ ਵੇਦਾਂਤੀ ਦੇ ਸਤਿਕਾਰ ਵੱਜੋਂ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਮਿਲਦੀ ਰਹੇ।