ਅੰਮ੍ਰਿਤਸਰ: ਮੋਹਕਮਪੁਰਾ ਖੇਤਰ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਵਿਅਕਤੀ ਦੇ ਘਰ ਉਪਰ ਕੁੱਝ 10-12 ਵਿਅਕਤੀਆਂ ਨੇ ਗੋਲੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਮੌਕੇ 'ਤੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਵਿਅਕਤੀਆਂ ਵਿੱਚੋਂ ਤਿੰਨ ਨੂੰ ਕਾਬੂ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕਥਿਤ ਦੋਸ਼ੀਆਂ ਨੇ ਸ਼ੇਰਾ ਨਾਂਅ ਦਾ ਇੱਕ ਵਿਅਕਤੀ ਜੋ ਕਿ ਨਸ਼ਾ ਪੱਤਾ ਕਰਨ ਦਾ ਆਦੀ ਹੈ, ਦੇ ਘਰ ਉਪਰ ਹਮਲਾ ਕੀਤਾ। ਹਮਲੇ ਸਬੰਧੀ ਪੀੜਤ ਸ਼ੇਰਾ ਨੇ ਦੱਸਿਆ ਕਿ ਉਹ ਬਾਹਰ ਗਲੀ ਦੇ ਚੌਕ ਵਿੱਚ ਰਾਜਾ ਚੋਚੀ, ਬੱਬੂ ਅਤੇ ਘੁੱਲਾ ਦੇ ਕੋਲ ਗਿਆ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿੱਚਕਾਰ ਬਹਿਸ ਅਤੇ ਝਗੜਾ ਹੋ ਗਿਆ। ਝਗੜੇ ਸਬੰਧੀ ਬਾਅਦ ਵਿੱਚ ਬੈਠ ਕੇ ਰਾਜੀਨਾਮਾ ਹੋ ਗਿਆ ਸੀ, ਪਰੰਤੂ ਰਾਤ ਵੇਲੇ ਉਸਦੇ ਘਰ 'ਤੇ ਕਥਿਤ ਦੋਸ਼ੀਆਂ ਨੇ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਹਵਾਈ ਫਾਇਰ ਕੀਤਾ। ਜਦੋਂ ਇਲਾਕਾ ਨਿਵਾਸੀ ਨੇ ਛੱਤਾਂ 'ਤੇ ਚੜ ਕੇ ਇੱਟ ਪੱਥਰ ਚਲਾਏ ਤਾਂ ਕਥਿਤ ਦੋਸ਼ੀ ਉਥੋਂ ਭੱਜ ਗਏ।