ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਥਾਣਾ ਜੰਡਿਆਲਾ ਅਧੀਨ ਪੈਂਦੇ ਮਾਨਾਵਾਲਾ ਟੋਲ ਪਲਾਜ਼ਾ ਤੋਂ ਬਦਮਾਸ਼ਾਂ ਵੱਲੋਂ ਕਾਰ ਖੋਹਣ ਅਤੇ ਉਸ ਤੋਂ ਬਾਅਦ ਇਕ ਹੋਰ ਵਾਹਨ ਨੂੰ ਖੋਹਣ ਦੀ ਕਥਿਤ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਿਸ ਤੋਂ ਬਾਅਦ ਉਕਤ ਸੂਚਨਾ ਪੁਲਿਸ ਕੰਟਰੋਲ ਤੋਂ ਜ਼ਿਲ੍ਹਾ ਪੁਲਿਸ ਨੂੰ ਮਿਲੀ। ਜਿਸ ਤੋਂ ਬਾਅਦ ਥਾਣਾ ਜੰਡਿਆਲਾ ਅਤੇ ਥਾਣਾ ਬਿਆਸ ਪੁਲਿਸ ਦੀਆਂ ਪੁਲਿਸ ਪਾਰਟੀਆਂ ਵੱਲੋਂ ਬਦਮਾਸ਼ਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਕਾਰ ਖੋਹ ਕੇ ਭੱਜੇ ਚੋਰ:ਮੁਲਜ਼ਮ ਬਾਬਾ ਬਕਾਲਾ ਸਾਹਿਬ ਮੋੜ ਨੇੜੇ ਪੁਲਿਸ ਅੱਗੇ ਗੱਡੀ ਤੇਜ਼ ਰਫਤਾਰ ਵਿੱਚ ਭਜਾ ਰਹੇ ਸਨ। ਤੇਜ ਰਫ਼ਤਾਰ ਗੱਡੀ ਭਜਾ ਰਹੇ ਕਥਿਤ ਬਦਮਾਸ਼ਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਗੱਡੀ ਵਿੱਚੋਂ ਉੱਤਰ ਕੇ ਭੱਜ ਰਹੇ ਬਦਮਾਸ਼ਾਂ ਦਾ ਪਿੱਛਾ ਕਰਦਿਆਂ ਪੁਲਿਸ ਵੱਲੋਂ ਇਕ ਕਥਿਤ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਜਦਕਿ ਦੂਜੇ ਮੁਲਜ਼ਮ ਨੂੰ ਫੜਨ ਲਈ ਪੁਲਿਸ ਪਾਰਟੀਆਂ ਪਿੰਡੋ ਪਿੰਡ ਸਰਚ ਕਰ ਰਹੀਆਂ ਹਨ।
ਪੁਲਿਸ ਨੇ ਕੀਤਾ ਪਿੱਛਾ:ਘਟਨਾ ਤੋਂ ਬਾਅਦ ਮੁੜ ਮੌਕੇ ਦੀ ਜਾਂਚ ਕਰਨ ਪੁੱਜੇ ਥਾਣਾ ਬਿਆਸ ਮੁੱਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਬਦਮਾਸ਼ਾਂ ਵੱਲੋਂ ਜੰਡਿਆਲਾ ਨੇੜੇ ਕਾਰ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਦੀ ਸੂਚਨਾ ਮਿਲਣ 'ਤੇ ਤੁਰੰਤ ਐਕਸ਼ਨ ਲੈਂਦਿਆਂ ਪੁਲਿਸ ਨੇ ਬਦਮਾਸ਼ਾਂ ਵੱਲੋਂ ਖੋਹੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਦਮਾਸ਼ਾਂ ਦੀ ਤੇਜ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਮੀਡੀਆ ਨੂੰ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।