ਪੰਜਾਬ

punjab

ETV Bharat / state

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਵੀ ਅਲਰਟ, ਹਵਾਈ ਅੱਡੇ 'ਤੇ ਲਾਏ ਗਏ ਥਰਮਲ ਸੈਂਸਰ - ਕਰੋਨਾ ਵਾਇਰਸ

ਕੋਰੋਨਾ ਵਾਇਰਸ ਨੂੰ ਲੈ ਕੇ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅੱਡੇ ਵਿਖੇ ਥਰਮਲ ਸੈਂਸਰ ਲਗਾ ਦਿੱਤੇ ਗਏ ਹਨ। ਜਿੱਥੇ ਯਾਤਰੀਆਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ।

Thermal sensors at Raja Sansi airport in Amritsar
ਫ਼ੋਟੋ

By

Published : Jan 27, 2020, 8:27 PM IST

ਚੰਡੀਗੜ੍ਹ: ਕਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦਾ ਪਤਾ ਲਗਾਉਣ ਲਈ ਰਾਜਾ ਸਾਂਸੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਥਰਮਲ ਸੈਂਸਰ ਲਗਾਏ ਗਏ ਹਨ, ਜਿੱਥੇ ਸੋਮਵਾਰ ਨੂੰ ਯਾਤਰੀਆਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਸੂਬੇ ਵਿੱਚ ਹੁਣ ਤੱਕ ਇਸ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਲਈ ਜਾਰੀ ਅਲਰਟ ਦੇ ਮੱਦੇਨਜ਼ਰ ਰਾਜਾ ਸਾਂਸੀ ਹਵਾਈ ਅੱਡੇ ਵਿਖੇ ਥਰਮਲ ਸੈਂਸਰ ਦੀ ਮਦਦ ਨਾਲ ਯਾਤਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਰਮਲ ਸਕੈਨਿੰਗ ਨਾਲ ਬੁਖ਼ਾਰ ਤੋਂ ਪ੍ਰਭਾਵਿਤ ਕਿਸੇ ਵੀ ਵਿਅਕਤੀ ਦਾ ਪਤਾ ਲਗਾਇਆ ਜਾਵੇਗਾ ਅਤੇ ਡਾਕਟਰਾਂ ਦੀ ਟੀਮ ਵੱਲੋਂ ਅਗਲੀ ਜਾਂਚ ਲਈ ਹੈਲਥ ਕਾਉਂਟਰ 'ਤੇ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਹਾਲੀ ਹਵਾਈ ਅੱਡੇ ਵਿਖੇ ਵੀ ਥਰਮਲ ਸਕੈਨਿੰਗ ਜ਼ਰੀਏ ਯਾਤਰੀਆਂ ਦੀ ਜਾਂਚ ਕੱਲ੍ਹ ਤੋਂ ਸ਼ੁਰੂ ਹੋ ਜਾਵੇਗੀ। ਸਿਹਤ ਵਿਭਾਗ ਨੇ ਸੂਬੇ ਦੇ ਅੰਮ੍ਰਿਤਸਰ ਅਤੇ ਮੁਹਾਲੀ ਦੋਵੇਂ ਹਵਾਈ ਅੱਡਿਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਚੀਨ ਅਤੇ ਹੋਰ ਦੇਸ਼ਾਂ ਜਿੱਥੋਂ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਦੀ ਯਾਤਰਾ ਬਾਰੇ ਸਵੈ-ਘੋਸ਼ਣਾ ਸਬੰਧੀ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਦੇ ਯਾਤਰੀਆਂ ਲਈ ਐਡਵਾਇਜ਼ਰੀ ਲਗਾਉਣ।

ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਸੂਬੇ ਵਿੱਚ ਕੋਰੋਨਾ ਵਾਇਰਸ ਦਾ ਕੋਈ ਪੁਖ਼ਤਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕੇਵਲ 4 ਵਿਅਕਤੀਆਂ (3 ਅੰਮ੍ਰਿਤਸਰ, 1 ਮੁਹਾਲੀ) ਵੱਲੋਂ ਚੀਨ ਦੀ ਯਾਤਰਾ ਕੀਤੀ ਗਈ ਅਤੇ ਸਿਹਤ ਵਿਭਾਗ ਨੇ ਇਨ੍ਹਾਂ ਯਾਤਰੀਆਂ ਦੀ ਜਾਂਚ ਉਪਰੰਤ ਪਾਇਆ ਹੈ ਕਿ ਕਿਸੇ ਵਿੱਚ ਵੀ ਬਿਮਾਰੀ ਦੇ ਲੱਛਣ ਨਹੀਂ ਹਨ ਅਤੇ ਇਨ੍ਹਾਂ 'ਤੇ ਬਾਰੀਕੀ ਨਾਲ ਨਿਗਰਾਨੀ ਵੀ ਰੱਖੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੇ ਪਿਛਲੇ 28 ਦਿਨਾਂ ਦੌਰਾਨ ਚੀਨ ਦੀ ਯਾਤਰਾ ਕੀਤੀ ਹੈ ਤਾਂ ਉਹ ਸਬੰਧਤ ਜ਼ਿਲ੍ਹਾ ਹਸਪਤਾਲ ਵਿੱਚ ਰਿਪੋਰਟ ਕਰੇ ਜਾਂ ਹੋਰ ਸਹਾਇਤਾ ਲੈਣ ਲਈ 104 ਹੈਲਪਲਾਈਨ ਨੰਬਰ ਨੂੰ ਸੂਚਿਤ ਕਰ ਸਕਦਾ ਹੈ।

ਬਲਬੀਰ ਸਿੱਧੂ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਇਸ ਬਿਮਾਰੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਕਰ ਲਏ ਗਏ ਹਨ। ਸੂਬੇ ਅਤੇ ਜ਼ਿਲ੍ਹਾ ਸੈਲਾਂ ਨੂੰ ਸ਼ੁਰੂਆਤੀ ਪ੍ਰਤੀਕ੍ਰਿਆ ਲਈ ਕਿਰਿਆਸ਼ੀਲ ਕੀਤਾ ਗਿਆ ਹੈ। ਅਧਿਕਾਰੀਆਂ ਵੱਲੋਂ ਰੋਜ਼ਾਨਾ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਢੁੱਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੈਲਪਲਾਈਨ ਨੰਬਰ '104' ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਨਾਗਰਿਕ ਕੋਰੋਨਾ ਵਾਇਰਸ ਬਿਮਾਰੀ ਨਾਲ ਸਬੰਧਤ ਕੋਈ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਨੰਬਰ 'ਤੇ 24 ਘੰਟੇ ਸੰਪਰਕ ਕਰ ਸਕਦਾ ਹੈ।

ABOUT THE AUTHOR

...view details