ਮੁਹੱਲੇ ਦੇ ਲੋਕਾਂ ਨੇ ਦਿੱਤੀ ਜਾਣਕਾਰੀ ਅੰਮ੍ਰਿਤਸਰ:ਅਕਸਰ ਹੀ ਗੁਰਦੁਆਰਿਆਂ ਵਿੱਚ ਕੁਝ ਗੱਲਾਂ ਨੂੰ ਲੈ ਕੇ ਤਕਰਾਰਾਂ ਚੱਲਦੀਆਂ ਰਹਿੰਦੀਆਂ ਹਨ, ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਆਜ਼ਾਦ ਨਗਰ ਦੇ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਗ੍ਰੰਥੀ ਸਿੰਘਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਮੁਹੱਲਾ ਵਾਸੀਆਂ ਵਿੱਚ ਝਗੜਾ ਹੋ ਗਿਆ ਅਤੇ ਮੁਹੱਲਾ ਵਾਸੀਆਂ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਭੰਗ ਕਰਕੇ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਹੈ।
ਮਾੜੇ ਕਾਰਨਾਮੇ ਕਾਰਨ ਜਤਿੰਦਰ ਸਿੰਘ ਬਾਬਾ ਨੂੰ ਕੱਢਿਆ:ਮੁਹੱਲਾ ਵਾਸੀਆਂ ਨੇ ਕਿਹਾ ਕਿ 4 ਸਾਲ ਤੋਂ ਲਗਾਤਾਰ ਜਤਿੰਦਰ ਸਿੰਘ ਬਾਬਾ ਸੇਵਾ ਕਰ ਰਿਹਾ ਸੀ, ਉਸਦੇ ਮਾੜੇ ਕਾਰਨਾਮੇ ਕਾਰਨ ਉਸਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢਿਆ ਗਿਆ ਹੈ, ਜਿੱਥੇ ਹੁਣ ਨਵਾਂ ਬਾਬਾ ਰੱਖਿਆ ਗਿਆ ਹੈ, ਪਰ ਜਤਿੰਦਰ ਸਿੰਘ ਉਸਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤੇ ਉਸ ਕੋਲੋ ਪੈਸੈ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨਾਲ ਲੜਾਈ ਝਗੜਾ ਵੀ ਕੀਤਾ ਗਿਆ।
ਉਧਰ ਜਤਿੰਦਰ ਸਿੰਘ ਬਾਬਾ ਦਾ ਕਹਿਣਾ ਹੈ ਕਿ ਉਹ ਕਾਫੀ ਦੇਰ ਤੋਂ ਸੇਵਾ ਕਰ ਰਹੇ ਹਨ, ਪਰ ਲੋਕਾਂ ਨੇ ਉਹਨਾਂ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੱਸਿਆ ਕਿ ਪਹਿਲੇ ਬਾਬੇ ਦੀ ਮੌਤ ਹੋ ਗਈ ਹੈ, ਜਿਸਦਾ ਇਲਜ਼ਾਮ ਵੀ ਮੇਰੇ ਉੱਤੇ ਲਗਾ ਦਿੱਤਾ ਗਿਆ ਸੀ, ਪਰ ਮੁਹੱਲੇ ਦੇ ਲੋਕ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਝੂਠ ਬੋਲ ਰਿਹਾ ਹੈ।
ਮੁਹੱਲੇ ਦੇ ਲੋਕਾਂ ਵੱਲੋਂ ਕਾਰਵਾਈ ਦੀ ਮੰਗ:ਇਸ ਦੌਰਾਨ ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਜਤਿੰਦਰ ਸਿੰਘ ਬਾਬੇ ਦੇ ਖ਼ਿਲਾਫ਼ ਕਈ ਵਾਰ ਪੁਲਿਸ ਸ਼ਿਕਾਇਤਾਂ ਵੀ ਦਿੱਤੀਆ ਗਈਆਂ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹਾਂ ਕਿ ਇਸ ਬਾਬੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਕੱਲ੍ਹ ਨੂੰ ਕੋਈ ਵੱਡੀ ਘਟਨਾ ਹੋ ਸਕਦੀ ਹੈ। ਉੱਥੇ ਹੀ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ 2 ਗ੍ਰੰਥੀ ਸਿੰਘਾਂ ਦਾ ਆਪਸੀ ਝਗੜਾ ਸੀ, ਜਿਸਦਾ ਮਸਲਾ ਅਸੀਂ ਸੁਲਝਾ ਲਿਆ ਹੈ।