ਦੁਕਾਨ ਦੇ ਮਾਲਕ ਹਰਜੀਤ ਸਿੰਘ ਨੇ ਜਾਣਕਾਰੀ ਦਿੱਤੀ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਦੌਰਾਨ ਹੀ ਤਾਜ਼ਾ ਘਟਨਾ ਜੰਡਿਆਲਾ ਗੁਰੂ ਇਲਾਕੇ ਦੇ ਵੈਰੋਵਾਲ ਰੋਡ 'ਤੇ ਸਥਿਤ ਰਜਬਾਹੇ ਨੇੜੇ ਟਾਇਰਾਂ ਦੀ ਦੁਕਾਨ 'ਤੇ ਵਾਪਰੀ, ਦੁਕਾਨ ਵਿੱਚੋਂ ਚੋਰ ਮੋਟਰਸਾਈਕਲ ਦੇ ਟਾਇਰ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਇਹ ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਚੋਰ ਦੁਕਾਨ ਵਿੱਚੋਂ ਟਾਇਰ ਤੇ ਹੋਰ ਸਮਾਨ ਲੈ ਕੇ ਫਰਾਰ:ਦੁਕਾਨ ਦੇ ਮਾਲਕ ਹਰਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਜਦੋਂ ਉਹ ਸਵੇਰੇ 6 ਵਜੇ ਦੁਕਾਨ ਖੋਲ੍ਹਣ ਆਇਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ 14 ਦੇ ਕਰੀਬ ਮੋਟਰਸਾਈਕਲ ਦੇ ਟਾਇਰ ਤੇ ਇੱਕ ਜੈਕ ਗਾਇਬ ਸੀ। ਜਿਸ ਸਬੰਧੀ ਉਸ ਨੇ ਨੇੜਲੀਆਂ ਦੁਕਾਨਾਂ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਬੀਤੀ ਦੇਰ ਰਾਤ ਕਰੀਬ ਇੱਕ ਤੋਂ ਡੇਢ ਵਜੇ ਦੇ ਦਰਮਿਆਨ 2 ਚੋਰ ਮੋਟਰਸਾਈਕਲ 'ਤੇ ਆਏ ਅਤੇ ਚੋਰੀ ਕਰਕੇ ਫ਼ਰਾਰ ਹੋ ਗਏ। ਦੁਕਾਨ ਮਾਲਕ ਨੇ ਕਿਹਾ ਇਸ ਤੋਂ ਥੋੜ੍ਹੇ ਸਮੇਂ ਬਾਅਦ ਚੋਰ ਫਿਰ ਤੋਂ ਕਰੀਬ 3.30 ਵਜੇ ਆਏ ਅਤੇ ਹੋਰ ਟਾਇਰ ਚੋਰੀ ਕਰਕੇ ਲੈ ਗਏ।
ਦੁਕਾਨਦਾਰ ਵੱਲੋਂ ਇਨਸਾਫ਼ ਦੀ ਮੰਗ:ਦੁਕਾਨ ਮਾਲਕ ਹਰਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ 2 ਘੰਟੇ ਦੇ ਅੰਦਰ ਆਸਾਨੀ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿੱਚ ਚੋਰ ਬਹੁਤ ਜ਼ਿਆਦਾ ਬੇਖੌਫ ਹੋ ਚੁੱਕੇ ਹਨ ਕਿ ਉਹ ਚੋਰੀ ਦੀ ਘਟਨਾ ਨੂੰ ਇਕ ਵਾਰ ਅੰਜ਼ਾਮ ਦੇ ਕੇ ਮੁੜ ਤੋਂ ਮੌਕਾ ਮਿਲਿਆ ਦੇਖ ਫਿਰ ਤੋਂ ਉਸਦੀ ਦੁਕਾਨ ਵਿੱਚ ਚੋਰੀ ਕਰਕੇ ਗਏ ਹਨ। ਉਨ੍ਹਾਂ ਦੱਸਿਆ ਕਿ ਉਹਨਾਂ ਦਾ 20 ਤੋਂ 22 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਸਬੰਧੀ ਦੁਕਾਨਦਾਰ ਵੱਲੋਂ ਸਥਾਨਕ ਪੁਲਿਸ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਪੰਜਾਬ ਸਰਕਾਰ ਨੂੰ ਝਾੜ: ਇਸ ਦੌਰਾਨਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਚੋਰੀਆਂ ਦਾ ਸਭ ਤੋਂ ਵੱਡਾ ਕਾਰਨ ਇਲਾਕੇ ਵਿੱਚ ਵੱਧ ਰਹੀ ਨਸ਼ਾਖੋਰੀ ਹੈ, ਕਿਉਂਕਿ ਨਸ਼ੇ ਦੀ ਤੋੜ ਪੂਰੀ ਕਰਨ ਤੇ ਨਸ਼ਾ ਖਰੀਦਣ ਲਈ ਨਸ਼ੇੜੀ ਵਿਅਕਤੀ ਚੋਰੀਆਂ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਕ ਪਾਸੇ ਜਿੱਥੇ ਸੱਤਾਧਾਰੀ ਧਿਰ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਉੱਥੇ ਹੀ ਜੰਡਿਆਲਾ ਵਿੱਚ ਨਸ਼ੇ ਦੀ ਵਿਕਰੀ ਤੇ ਅਪਰਾਧ ਦੀਆਂ ਘਟਨਾਵਾਂ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਰ ਕੋਈ ਵੀ ਆਗੂ ਇਸ ਮਾਮਲੇ ਵਿੱਚ ਜਨਤਾ ਦੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੈ।