ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਹਰਿਆਣਾ ਤੋਂ ਆਈ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਸੇਵਾਦਾਰ ਵੱਲੋਂ ਦਰਸ਼ਨ ਕਰਨ ਤੋਂ ਰੋਕਣ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸੇਵਾਦਾਰਾਂ ਅਤੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਵਿਚਾਲੇ ਬਹਿਸ ਹੋ ਰਹੀ ਹੈ ਅਤੇ ਸੇਵਾਦਾਰ ਕਹਿ ਰਹੇ ਹਨ, ਕਿ ਇਹ ਤੰਬਾਕੂ ਲੈ ਕੇ ਆਏ ਸਨ, ਜਿਸ ਕਾਰਨ ਇਹਨਾਂ ਨੂੰ ਰੋਕਿਆ ਗਿਆ ਸੀ। ਉੱਥੇ ਹੀ ਸੇਵਾਦਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੜਕੀ ਨੇ ਮਰਿਆਦਾ ਰਹਿਤ ਕੱਪੜੇ ਪਾਏ ਹੋਏ ਸਨ, ਜਿਸ ਕਾਰਨ ਇਸ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਸੀ, ਪਰ ਬਾਅਦ ਵਿੱਚ ਇਹ ਤਿਰੰਗੇ ਦਾ ਸਹਾਰਾ ਲੈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੁੜੀ ਦੇ ਪਹਿਰਾਵੇ ਨੂੰ ਲੈਕੇ ਹੋਇਆ ਸੀ ਵਿਵਾਦ: ਸੇਵਾਦਾਰ ਨੇ ਮਾਮਲੇ ਉੱਤੇ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਲੜਕੀ ਫਰਾਕ ਪਾਕੇ ਦਰਬਾਰ ਸਾਹਿਬ ਅੰਦਰ ਦਾਖਿਲ ਹੋਣਾ ਚਾਹੁੰਦੀ ਸੀ ਅਤੇ ਉਸ ਨੂੰ ਰੋਕ ਕੇ ਫਰਾਕ ਦੇ ਨਾਲ ਸਲਵਾਰ ਪਾ ਕੇ ਆਉਣ ਨੂੰ ਕਿਹਾ। ਇਸ ਗੱਲ ਨੂੰ ਲੜਕੀ ਨੇ ਪਹਿਲਾਂ ਤਾਂ ਮੰਨ ਲਿਆ ਅਤੇ ਫਿਰ ਕੁੱਝ ਦੂਰ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਲ ਪਰਤ ਆਈ। ਲੜਕੀ ਦੇ ਚਿਹਰੇ ਉੱਤੇ ਰਾ਼ਸ਼ਟਰੀ ਝੰਡੇ ਦੀਆਂ ਤਸਵੀਰਾਂ ਬਣੀਆਂ ਸਨ। ਸੇਵਾਦਾਰ ਸਰਬਦੀਪ ਸਿੰਘ ਨੇ ਉਕਤ ਪਰਿਵਾਰ ਨੂੰ ਰੋਕ ਕੇ ਲੜਕੀ ਦਾ ਚਿਹਰਾ ਸਾਫ ਕਰਕੇ ਜਾਣ ਦੀ ਬੇਨਤੀ ਕੀਤੀ, ਜਿਸ ਉੱਤੇ ਇਹ ਪਰਿਵਾਰ ਭੜਕ ਉੱਠਿਆ। ਸੇਵਾਦਾਰ ਆਪਣੇ ਸਟੈਂਡ ਉੱਤੇ ਕਾਇਮ ਰਿਹਾ। ਜਦ ਕੋਈ ਚਾਰਾ ਨਹੀ ਚੱਲਿਆ ਤਾਂ ਲੜਕੀ ਨੇ ਰਾਸ਼ਟਰਵਾਦ ਦੀ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ ਅਤੇ ਬਾਰ- ਬਾਰ, "ਯਹ ਇੰਡੀਆ ਨਹੀਂ ਹੈ ਕਯਾ ਸਵਾਲ ਕਰਦੀ ਰਹੀ,'। ਪਰਿਵਾਰ ਅਤੇ ਕੁੜੀ ਨੇ ਉਕਤ ਸੇਵਾਦਾਰ ਪ੍ਰਤੀ ਬੇਹੱਦ ਹਲਕੇ ਪੱਧਰ ਦੀ ਸ਼ਬਦਾਵਲੀ ਵੀ ਵਰਤੀ। ਇਸ ਘਟਨਾਂ ਤੋ ਬਾਅਦ ਸਿੱਖ ਚਿੰਤਕ ਸ਼੍ਰੋਮਟੀ ਕੋਲੋਂ ਮੰਗ ਕਰ ਰਹੇ ਹਨ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਤੇ ਅੰਦਰ ਦਾਖਿਲ ਹੋਣ ਲਈ ਨਿਯਮਾਂ ਦੀ ਸੂਚੀ ਵੱਖ-ਵੱਖ ਭਾਸ਼ਵਾਂ ਵਿੱਚ ਲਗਾਈ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ।