ਅੰਮ੍ਰਿਤਸਰ/ਲਾਹੌਰ : ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ 23 ਮਾਰਚ 2023 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਲਾਹੌਰ ਪਾਕਿਸਤਾਨ ਵਿਖੇ ਮਨਾਉਣ ਨੂੰ ਰੋਕਦੇ ਹੋਏ ਪਾਕਿ ਵਿਚਲੇ ਅੱਤਵਾਦੀ ਸੰਗਠਨ ਨੇ ਸਮਾਗਮ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਭਗਤ ਸਿੰਘ ਫਾਊਂਡੇਸ਼ਨ ਨੇ ਇਕ ਵੱਡਾ ਫੈਸਲਾ ਲੈਂਦਿਆਂ ਪਾਕਿਸਤਾਨ ਵਿਚਲੇ ਅੱਤਵਾਦੀ ਸੰਗਠਨਾਂ ਦੀ ਪ੍ਰਵਾਹ ਨਾ ਕਰਦਿਆਂ ਇਹ ਦਿਨ ਪਹਿਲਾਂ ਵਾਂਗ ਹੀ ਸ਼ਾਨੋ-ਸ਼ੌਕਤ ਨਾਲ ਵੱਡੀ ਪੱਧਰ ਉਤੇ ਮਨਾਉਣ ਦਾ ਫੈਸਲਾ ਲਿਆ ਹੈ।
ਪਿਛਲੇ ਸਾਲ ਵੀ ਸਮਾਗਮ ਦੌਰਾਨ ਹੋਇਆ ਸੀ ਹਮਲਾ :ਇਸ ਸਬੰਧੀ ਜਾਣਕਾਰੀ ਦਿੰਦਿਆਂ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਆਗੂ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਦਿਨਾਂ ਤੋਂ ਪਾਕਿਸਤਾਨ ਵਿਚਲੇ ਕਈ ਅਤਵਾਦੀ ਸੰਗਠਨਾਂ ਵੱਲੋਂ ਇਹ ਸਮਾਗਮ ਨਾ ਕਰਨ ਲਈ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਰ ਇਹ ਸਮਾਗਮ ਦੌਰਾਨ ਕੋਈ ਵੀ ਕਿਸੇ ਵੀ ਕਿਸਮ ਦਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਪਾਕਿਸਤਾਨ ਸਰਕਾਰ ਇਸ ਦੀ ਮੁੱਖ ਤੌਰ ਉਤੇ ਜ਼ਿੰਮੇਵਾਰ ਹੋਵੇਗੀ। ਇਹ ਸਮਾਗਮ ਹੋ ਕੇ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਇਹ ਸਮਾਗਮ ਪਿਛਲੇ ਕਈ ਸਾਲਾਂ ਤੋਂ ਲਾਹੌਰ ਵਿਖੇ ਮਨਾਇਆ ਜਾ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਉਨ੍ਹਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਹਨ, ਜਿਸ ਵਿਚ ਫਾਊਂਡੇਸ਼ਨ ਦੇ ਆਗੂਆਂ, ਮੈਂਬਰਾਂ ਤੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਪਿਆਰ ਕਰਨ ਵਾਲੇ ਪਾਕਿਸਤਾਨੀ ਲੋਕਾਂ ਨੂੰ ਸਮਾਗਮ ਮਨਾਉਣ ਮੌਕੇ ਪਾਕਿਸਤਾਨ ਕੱਟੜਪੰਥੀਆਂ ਵੱਲੋਂ ਇੱਟਾਂ, ਰੌੜੇ, ਟਮਾਟਰ ਡਾਂਗਾਂ, ਸੋਟੇ ਮਾਰੇ ਗਏ ਸਨ।
ਇਹ ਵੀ ਪੜ੍ਹੋ : Pakistan Political Crisis: ਲਾਹੌਰ ਹਾਈ ਕੋਰਟ ਨੇ ਇਮਰਾਨ ਖਾਨ ਦੀ ਗ੍ਰਿਫਤਾਰੀ ਦੀ ਕਾਰਵਾਈ ਵੀਰਵਾਰ ਸਵੇਰ ਤੱਕ ਰੋਕਣ ਦੇ ਦਿੱਤੇ ਹੁਕਮ