ਅੰਮ੍ਰਿਤਸਰ:ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ 11 ਅਰਬ 38 ਕਰੋੜ 14 ਲੱਖ 54 ਹਜ਼ਾਰ 380 ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਮਤੇ ਪੇਸ਼ ਕਰਨ ਤੋਂ ਪਹਿਲਾਂ ਸਮੁੱਚੇ ਹਾਊਸ ਵਲੋਂ ਮੂਲਮੰਤਰ ਦੇ 5 ਵਾਰ ਜਾਪ ਕੀਤੇ ਗਏ। ਬਜਟ ਜਨਰਲ ਸੱਕਤਰ ਗੁਰਚਰਨ ਸਿੰਘ ਗਰੇਵਾਲ ਵਲੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਿਛਲੇ ਸਮੇਂ ਦੌਰਾਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ, ਇਨ੍ਹਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਜੈਪਾਲ ਸਿੰਘ ਮੰਡੀਆਂ, ਬਾਬਾ ਗੱਜਣ ਸਿੰਘ ਜੀ ਲਈ ਅਰਦਾਸ ਕੀਤੀ ਗਈ ਹੈ।
ਬਜਟ ਦੌਰਾਨ ਭਾਸ਼ਣ ਅਨੁਸਾਰ ਕਿਸਾਨੀ ਸੰਘਰਸ਼ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ 2 ਕਰੋੜ 84 ਲੱਖ ਤੇ 75 ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਬੈ। ਇਸ ਤੋਂ ਇਲਾਵਾ 1984 ਦੇ ਸੰਘਰਸ਼ ਦੌਰਾਨ 5 ਕਰੋੜ 81 ਲੱਖ 70 ਹਜਾਰ ਰੁਪਏ ਖਰਚ ਕੀਤੇ ਗਏ। ਇਸਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ 1 ਕਰੋੜ 94 ਲੱਖ 64 ਹਜਾਰ 353 ਰੁਪਏ ਦੇ ਪ੍ਰੋਗਰਾਮਾਂ ਦਾ ਖਰਚ ਕੀਤਾ ਗਿਆ ਹੈ। ਬਜਟ ਸੈਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਧਰਮੀ ਫੌਜੀਆਂ ਲਈ 9 ਕਰੋੜ, ਨਵੰਬਰ 1984 ਦੇ ਪੀੜਿਤਾਂ ਲਈ ਇੱਕ ਕਰੋੜ ਰੁਪਏ ਖਰਚ ਹੋਏ ਹਨ।
ਜਾਣਕਾਰੀ ਮੁਤਾਬਿਕ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਘਾਟੇ ਲਈ ਸਰਕਾਰ ਦੀ ਜਿੰਮੇਵਾਰੀ ਠਹਿਰਾਈ ਗਈ ਹੈ। ਸਿਵਲ ਪ੍ਰਸ਼ਾਸ਼ਕੀ ਸੇਵਾਵਾਂ ਦੀ ਮੁਫ਼ਤ ਕੋਚਿੰਗ ਲਈ ਇੱਕ ਕਰੋੜ, 75 ਸਕੂਲ , 40 ਕਾਲਜ, 2 ਯੂਨੀਵਰਸਿਟੀਆਂ ਲਈ ਵੀ ਰੱਖੇ ਗਏ ਹਨ। ਜੱਸਾ ਸਿੰਘ ਰਾਮਗੜੀਆ ਦੀ 300 ਸਾਲਾ ਜਨਮ ਸ਼ਤਾਬਦੀ ਮਨਾਉਣ ਲਈ 2 ਕਰੋੜ ਰੁਪਏ ਰੱਖੇ ਗਏ। ਹਾਲਾਂਕਿ ਕਿ ਕਮੇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਬਜਟ 32 ਕਰੋੜ ਦੇ ਕਰੀਬ ਘਾਟੇ ਵਾਲਾ ਬੱਜਟ ਹੈ।
ਕਮੇਟੀ ਨੇ ਕੀਤੀ ਅਪੀਲ :ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸ਼ੁਰੂ ਹੋਇਆ। ਇਸ ਬਜਟ ਸੈਸ਼ਨ ਦੌਰਾਨ ਕੁੱਝ ਐਸਜੀਪੀਸੀ ਮੈਂਬਰਾਂ ਵੱਲੋ ਇਤਰਾਜ਼ ਜਤਾਇਆ ਵੀ ਗਿਆ। ਕਮੇਟੀ ਵਲੋਂ ਸਿੱਖਾਂ ਨੂੰ ਆਪਣੇ ਬੱਚਿਆਂ ਦੇ ਨਾਮ ਰੱਖਣ ਸਮੇਂ ‘ਸਿੰਘ’ ਅਤੇ ‘ਕੌਰ’ ਲਗਾਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਉੱਤੇ ਹਰ ਸਿੱਖ ਆਪਣੇ ਖਾਤਿਆਂ ਵਿਚ ਆਪਣੇ ਨਾਮ ਨਾਲ ‘ਸਿੰਘ’ ਤੇ ‘ਕੌਰ’ ਜ਼ਰੂਰ ਲਿਖਣ ਲਈ ਪ੍ਰੇਰਿਆ ਗਿਆ ਹੈ।
ਲੋੜ ਮੁਤਾਬਿਕ ਭੇਂਟ ਹੋਣ ਰੁਮਾਲੇ :ਕਮੇਟੀ ਨੇ ਕਿਹਾ ਹੈ ਕਿ ਗੁਰੂਦੁਆਰਾ ਸਾਹਿਬਾਨ ਅੰਦਰ ਪੁੱਜਦੀ ਸੰਗਤ ਵੱਲੋਂ ਗੁਰੂ ਸਾਹਿਬ ਸ਼ਰਧਾ ਤੇ ਸਤਿਕਾਰ ਵਜੋਂ ਰੁਮਾਲਾ ਸਾਹਿਬ ਭੇਟ ਕੀਤੇ ਜਾਂਦੇ ਹਨ। ਪਰੰਤੂ ਮੌਜੂਦਾ ਸਮੇਂ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਵੱਲੋਂ ਚੜ੍ਹਾਏ ਜਾਂਦੇ ਰੁਮਾਲਾ ਸਾਹਿਬ ਦੀ ਬਹੁਤਾਤ ਕਾਰਨ ਇਨ੍ਹਾਂ ਦੀ ਸਾਂਭ- ਸੰਭਾਲ ਵਿਚ ਦਿੱਕਤ ਆਉਂਦੀ ਹੈ। ਰੁਮਾਲਾ ਸਾਹਿਬ ਦੀ ਮਰਯਾਦਾ ਦਾ ਸਿੱਖ ਪ੍ਰੰਪਰਾ ਵਿਚ ਅਹਿਮ ਅਸਥਾਨ ਹੈ ਅਤੇ ਰਹੇਗਾ, ਪਰ ਲੋੜ ਤੋਂ ਵੱਧ ਰੁਮਾਲਾ ਸਾਹਿਬ ਦੀ ਸਾਂਭ-ਸੰਭਾਲ ਸਮੇਂ ਆਉਂਦੀ ਮੁਸ਼ਕਲ ਦਾ ਹੱਲ ਵੀ ਜ਼ਰੂਰੀ ਹੈ। ਇਸ ਲਈ ਸੰਗਤ ਨੂੰ ਲੋੜ ਅਨੁਸਾਰ ਹੀ ਰੁਮਾਲਾ ਸਾਹਿਬ ਭੇਟ ਕਰਨ ਲਈ ਪ੍ਰੇਰਣਾ ਸਮੇਂ ਦੀ ਵੱਡੀ ਲੋੜ ਹੈ। ਇਸ ਦੇ ਮੱਦੇਨਜ਼ਰ ਸੰਗਤਾਂ ਅਪੀਲ ਕੀਤੀ ਗਈ ਹੈ ਕਿ ਗੁਰੂ ਘਰਾਂ ਅੰਦਰ ਲੋੜੀਂਦੇ ਰੁਮਾਲਾ ਸਾਹਿਬ ਹੀ ਭੇਂਟ ਕੀਤੇ ਜਾਣ।
ਬੇਕਸੂਰੇ ਨੌਜਵਾਨ ਫੜਨ ਦੀ ਨਿੰਦਾ :ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਹਰ ਸਾਲ ਸਿੱਖ ਨੌਜੁਆਨਾਂ ਨੂੰ ਆਈਏਐਸ, ਆਈਪੀਐਸ, ਪੀਪੀਸੀਐਸ, ਆਈਐਫਐਸ ਆਦਿ ਮੁਕਾਬਲਾ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦੇਣ ਦਾ ਅਮਲ ਅਰੰਭਿਆ ਜਾ ਚੁੱਕਾ ਹੈ। ਸਿੱਖ ਕੌਮ ਇਸ ਵਿਚ ਯਥਾਸ਼ਕਤ ਹਿੱਸਾ ਪਾਵੇ, ਤਾਂ ਜੋ ਭਵਿੱਖ ਅੰਦਰ ਹਰ ਖੇਤਰ ਵਿਚ ਸਿੱਖ ਅਫ਼ਸਰਾਂ ਦੀ ਹੋਂਦ ਕਾਇਮ ਹੋ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨਾਂ ਅੰਦਰ ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਆੜ 'ਚ ਬੇਕਸੂਰ ਸਿੱਖ ਨੌਜੁਆਨਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਕਰੜੀ ਨਿੰਦਾ ਕੀਤੀ ਗਈ ਹੈ।
ਇਹ ਵੀ ਪੜ੍ਹੋ :ਸੋਸ਼ਲ ਮੀਡੀਆ ਦਾ ਪਿਆਰ ਮੁੰਡੇ 'ਤੇ ਪਿਆ ਭਾਰੀ, ਹਮਲਾਵਰਾਂ ਨੇ ਕੁੜੀ ਬਣ ਕੇ ਬੁਲਾਇਆ ਤੇ ਫਿਰ ਕੀਤੀ ਕੁੱਟਮਾਰ
ਜਨਰਲ ਇਜਲਾਸ 'ਚ ਮੌਜੂਦਾ ਹਾਲਾਤ ਦੌਰਾਨ ਫੜੇ ਗਏ ਸਿੱਖ ਨੌਜੁਆਨਾਂ ਦੇ ਮਾਮਲਿਆਂ ਦੀ ਕਾਨੂੰਨੀ ਪੈਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ।ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਇਸ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਖਾਲਸਾ ਰਾਜ ਦੇ ਇਤਿਹਾਸਕ ਝੰਡਿਆਂ ਅਤੇ ਚਿੰਨ੍ਹਾਂ ਨੂੰ ਵੱਖਵਾਦੀ ਪੇਸ਼ ਕਰਨ ਦੀ ਕਰੜੀ ਨਿੰਦਾ ਕਰਦਿਆਂ ਸਬੰਧਤ ਸਰਕਾਰੀ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਜਨਰਲ ਇਜਲਾਸ ਵਲੋਂ ਕੇਂਦਰ ਸਰਕਾਰ ਵੱਲੋਂ ਸਿੱਖ ਮੀਡੀਆ ਅਦਾਰਿਆਂ/ਚੈਨਲਾਂ/ਸੋਸ਼ਲ ਮੀਡੀਆ ਮੰਚਾਂ/ਪੱਤਰਕਾਰਾਂ 'ਤੇ ਕੀਤੀ ਕਾਰਵਾਈ ਦੀ ਵੀ ਕਰੜੀ ਨਿੰਦਾ ਕੀਤੀ ਗਈ।