ਅੰਮ੍ਰਿਤਸਰ: ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਸਰੂਪਾਂ ਦੇ ਮਾਮਲੇ ਵਿੱਚ ਇਨਸਾਫ਼ ਲੈਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ 14 ਸਤੰਬਰ ਤੋਂ ਲਗਾਤਾਰ ਮੋਰਚਾ ਲਾਇਆ ਹੋਇਆ ਹੈ। ਦਿਨ ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਸੀ, ਜਿਸ ਵਿੱਚ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਪਹੁੰਚੇ। ਇਜਲਾਸ ਮੌਕੇ ਕਾਫ਼ੀ ਮੈਬਰਾਂ ਨੇ 328 ਸਰੂਪਾਂ ਦੇ ਮਾਮਲੇ ਵਿੱਚ ਕਮੇਟੀ ਤੋਂ ਸਪੱਸ਼ਟੀਕਰਨ ਮੰਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮਨਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਬਜਟ ਸਮੇਂ ਸਿਰ ਪੇਸ਼ ਨਹੀਂ ਹੋ ਸਕਿਆ ਕਿਉਂਕਿ ਸੰਸਾਰ 'ਤੇ ਕੋਰੋਨਾ ਰੂਪੀ ਸੰਕਟ ਆਇਆ ਹੋਇਆ ਹੈ। 2 ਵਾਰ ਅੰਤ੍ਰਿਗ ਕਮੇਟੀ ਨੇ ਮੀਟਿੰਗ ਕਰਨ ਮਗਰੋਂ ਅੱਜ ਜਨਰਲ ਇਜਲਾਸ ਸੱਦ ਕੇ 900 ਕਰੋੜ ਰੁਪਏ ਦਾ ਸਾਲ 2020-21 ਦਾ ਬਜਟ ਪੇਸ਼ ਕੀਤਾ ਗਿਆ ਹੈ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲ ਰਹੀਆਂ ਸੇਵਾਵਾਂ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ।