ਅੰਮ੍ਰਿਤਸਰ:ਪੰਜਾਬ ਵਿੱਚ ਵੱਧ ਰਹੀ ਕੋਰੋਨਾ ਦੀ ਰਫ਼ਤਾਰ ਨੂੰ ਦੇਖਕੇ ਸੂਬਾ ਸਰਕਾਰ ਵਲੋਂ ਅਹਿਮ ਅਤੇ ਠੋਸ ਉਠਾਏ ਜਾ ਰਹੇ ਹਨ। ਇਸ ਦੇ ਚੱਲਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਹੌਟ ਸਪੌਟ 11 ਜ਼ਿਲ੍ਹਿਆਂ ਵਿੱਚ ਬੇਹੱਦ ਸਖ਼ਤੀ ਕੀਤੇ ਜਾਣ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਨੂੰ ਕੋਰੋਨਾ ਦੀ ਲਪੇਟ ਤੋਂ ਬਚਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸੇ ਤਹਿਤ ਜਿੱਥੇ ਅੰਮ੍ਰਿਤਸਰ ਜ਼ਿਲ੍ਹਾ ਵੀ ਬੀਤੇ ਦਿਨ੍ਹੀ ਹੌਟ ਸਪੋਟ ਵਿੱਚ ਸ਼ਾਮਲ ਹੋ ਚੁੱਕਾ ਹੈ, ਉੱਥੇ ਹੀ ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਬਿਆਸ ਦਰਿਆ ਹਾਈਟੈਕ ਨਾਕੇ ਤੇ ਪੁਲਿਸ ਵਿਭਾਗ ਵੱਲੋਂ ਸ਼ਹਿਰ ’ਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੇ ਜਾਣ ਤੋਂ ਇਲਾਵਾ ਬਿਨ੍ਹਾਂ ਮਾਸਕ ਸਫ਼ਰ ਕਰ ਰਹੇ ਯਾਤਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਮੌਕੇ ’ਤੇ ਹੀ ਚਲਾਨ ਕੀਤੇ ਗਏ।
ਇਸ ਦੌਰਾਨ ਨਾਕੇ ’ਤੇ ਮੌਜੂਦ ਪੁਲਿਸ ਅਧਿਕਾਰੀ ਏਐਸਆਈ ਕੁਲਵੰਤ ਸਿੰਘ ਅਤੇ ਏਐਸਆਈ ਮਹਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਵੱਲੋਂ ਜ਼ਿਲ੍ਹੇ ਦੇ ਐਂਟਰੀ ਪੁਆਇੰਟ ’ਤੇ ਵਾਹਨਾਂ ’ਤੇ ਸਖਤ ਨਜ਼ਰ ਰੱਖਣ ਤੋਂ ਇਲਾਵਾ ਬਿਨ੍ਹਾਂ ਮਾਸਕ ਆ ਜਾ ਰਹੇ ਵਾਹਨ ਚਾਲਕਾਂ ਜਾਂ ਯਾਤਰੀਆਂ ਦੇ ਚਲਾਨ ਕੀਤੇ ਜਾ ਰਹੇ ਹਨ।