ਅੰਮ੍ਰਿਤਸਰ:ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਲੁੱਟ ਖੋਹ ਵਾਲੇ ਗੈਂਗ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਏਸੀਪੀ ਅਸ਼ਵਨੀ ਕੁਮਾਰ ਅਤਰੀ ਨੇ ਦੱਸਿਆ ਕਿ ਮਾੜੇ ਅਨਸਰਾਂ ਦੇ ਸਬੰਧ ਵਿਚ ਪੁਲਿਸ ਵੱਲੋਂ ਕਾਰਵਾਈ ਕੀਤੀ ਹੀ ਜਾ ਰਹੀ ਸੀ, ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਕ ਗਿਰੋਹ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਮੁਖਬਰ ਦੀ ਇਤਲਾਹ 'ਤੇ ਪੁਲਿਸ ਨੇ ਇਸ ਗੈਂਗ ਨੂੰ ਕਾਬੂ ਕੀਤਾ ਹੈ।
ਸ਼ਹਿਰ ਵਿੱਚ ਕਿਸੇ ਜਗ੍ਹਾ 'ਤੇ ਲੁੱਟ ਖੋਹ ਕਰਨ ਦੀ ਵਿਓਂਤ ਬਣਾ ਰਹੇ ਸਨ: ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਸਾਹਿਲ ਕੁਮਾਰ ਪੁੱਤਰ ਸਿਕੰਦਰ ਕੁਮਾਰ ਵਾਸੀ ਹਰੀਪੁਰ ਨੇ ਆਪਣੇ ਸਾਥੀ, ਸਮਾਇਲ ਸਾਹਿਲ, ਕਮਲ ਰੋਹਿਤ ਉਰਫ ਨਿੱਕਾ ਅਤੇ ਨੀਰਜ ਨੂੰ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਸਾਹਿਲ ਜੋ ਕਿ ਇਸ ਗੈਂਗ ਦਾ ਸਰਗਨਾ ਹੈ। ਉਸ ਨੇ ਇਹਨਾਂ ਸਾਥੀਆਂ ਨਾਲ ਮਿਲ ਕੇ ਲੁੱਟਾਂ ਖੋਹਾਂ ਕਰਨ ਦਾ ਗਿਰੋਹ ਬਣਾਇਆ ਹੋਇਆ ਹੈ। ਜੋ ਕਿ ਹਥਿਆਰਾਂ ਦੇ ਨੋਕ 'ਤੇ ਲੁੱਟਾ ਖੋਹਾਂ ਕਰਦੇ ਹਨ ਤੇ ਅੱਜ ਵੀ ਬੀ ਬਲਾਕ ਰੇਲਵੇ ਦੇ ਖਸਤਾ ਹਾਲਤ ਕੁਆਟਰ ਨੇੜੇ ਪਾਣੀ ਵਾਲੀ ਟੈਂਕੀ ਕੋਲ ਇਹ ਪਿਸਤੌਲ ਤੇ ਹੋਰ ਖਤਰਨਾਕ ਹਥਿਆਰਾਂ ਨਾਲ ਲੈਸ ਹੋ ਕੇ ਸ਼ਹਿਰ ਵਿੱਚ ਕਿਸੇ ਜਗ੍ਹਾ 'ਤੇ ਲੁੱਟ ਖੋਹ ਕਰਨ ਦੀ ਵਿਓਂਤ ਬਣਾ ਰਹੇ ਸਨ ਕਿ ਪਹਿਲਾਂ ਹੀ ਇੰਨਾਂ ਨੂੰ ਕਾਬੂ ਕਰ ਲਿਆ ਗਿਆ।