ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਇਲਾਕਿਆਂ ਵਿੱਚ ਲੁੱਟ ਖੋਹ ਗਿਰੋਹ ਬੇਹੱਦ ਸਰਗਰਮ ਨਜ਼ਰ ਆ ਰਹੇ ਹਨ। ਪਰ ਲੁਟੇਰਾ ਗਿਰੋਹਾਂ ਦੀਆਂ ਲੁੱਟਾਂ ਮੁਕਾਬਲੇ ਪੁਲਿਸ ਅਜਿਹੇ ਕੇਸਾਂ ਨੂੰ ਹੱਲ ਕਰਨ ਵਿੱਚ ਢਿੱਲੀ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਸ਼ਹਿਰ ਵਿੱਚ ਲੁੱਟ ਖੋਹ ਦੀਆ ਵਾਰਦਾਤਾਂ ਹਰ ਰੋਜ ਵਧਣ ਕਰਕੇ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾਂ ਸੈਰ ਤੋਂ ਵਾਪਿਸ ਘਰ ਪਰਤ ਰਹੀ ਔਰਤ ਦੇ ਦੋਵਾਂ ਕੰਨਾਂ ਵਿੱਚੋ ਸੋਨੇ ਦੀਆਂ ਵਾਲੀਆਂ ਝੱਪਟਾ ਮਾਰ ਕੇ ਨੌਜਵਾਨ ਫਰਾਰ ਹੋ ਗਿਆ ਸੀ। ਇੱਕ ਵਾਰ ਫਿਰ ਨਾਂਮ ਦੇਵ ਰੋਡ 'ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਛੋਟੀ ਬਰਾਂਚ ਨੇੜਿਓ ਇੱਕ ਬਜੁਰਗ ਔਰਤ ਕੋਲੋਂ ਅਣਪਛਾਤੇ ਲੁਟੇਰਿਆਂ ਵਲੋਂ ਪੈਨਸ਼ਨ ਦੀ ਰਕਮ ਉਡਾ ਕੇ ਫਰਾਰ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਬਜੁਰਗ ਮਾਤਾ ਹਰਭਜਨ ਕੌਰ ਉਮਰ 65 ਸਾਲ ਵਾਸੀ ਤਾਰਾਗੜ੍ਹ ਨੇ ਦੱਸਿਆ, ਕਿ ਉਹ ਆਪਣੀ 2 ਮਹੀਨੇ ਦੀ ਪੈਨਸ਼ਨ ਦੇ ਪੈਸੇ 8 ਹਜ਼ਾਰ ਲੈ ਕੇ ਆਈ ਸੀ, ਕਿ ਬੈਂਕ ਤੋਂ ਹੀ ਉਸ ਦੇ ਪਿੱਛੇ ਲੱਗੇ ਜੇਬ ਕਤਰੇ ਨੇ ਪਰਸ ਨੂੰ ਬਲੇਡ ਮਾਰ ਕੇ ਪੈਸੇ ਕੱਢੇ ਅਤੇ ਰਫੂਚੱਕਰ ਹੋ ਗਿਆ। ਮਾਤਾ ਹਰਭਜਨ ਕੌਰ ਨੇ ਰੋਂਦਿਆਂ ਹੋਇਆ ਦੱਸਿਆ ਕਿ ਇਹਨਾਂ ਪੈਸਿਆਂ ਵਿੱਚੋ ਕੁੱਝ ਪੈਸੇ ਰੱਖੜੀ 'ਤੇ ਆਪਣੀਆਂ ਲੜਕੀਆਂ ਨੂੰ ਦੇਣੇ ਸਨ ਅਤੇ ਕੁੱਝ ਘਰ ਦੇ ਗੁਜਾਰੇ ਲਈ ਸੀ। ਪਰ ਉਹ ਹੁਣ ਕਿਸ ਤਰ੍ਹਾਂ ਆਪਣੇ ਘਰ ਦਾ ਗੁਜ਼ਾਰਾ ਕਰੇਗੀ। ਘਟਨਾ ਬਾਰੇ ਦੱਸਦਿਆਂ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ।