ਅੰਮ੍ਰਿਤਸਰ: ਕਾਫ਼ੀ ਸਮੇਂ ਤੋਂ ਬਿਆਸ ਦਰਿਆ ਦੇ ਹਾਈਟੈਕ ਨਾਕੇ ‘ਤੇ ਲੱਗੇ ਸੀਸੀਟੀਵੀ ਕੈਮਰੇ ਬੰਦ ਪਏ ਹਨ। ਇਸ ਦੌਰਾਨ ਅਨੇਕਾਂ ਹੀ ਵਾਰਦਾਤਾਂ ਨੂੰ ਸੁਲਝਾਉਣ ‘ਚ ਮਦਦ ਕਰਨ ਵਾਲੇ ਸੀਸੀਟੀਵੀ ਕੈਮਰੇ ਬੰਦ ਹੋਣ ਸਬੰਧੀ ਪ੍ਰਮੁੱਖਤਾ ਨਾਲ ਖਬਰਾਂ ਵੀ ਨਸ਼ਰ ਹੁੰਦੀਆਂ ਰਹੀਆਂ ਹਨ, ਪਰ ਖੈਰ ਇਹ ਤੀਸਰੀ ਅੱਖ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਵੱਲੋਂ ਅਚਾਨਕ ਦੌਰਾ ਕਰਨ ਨਾਲ ਦਰੁਸਤ ਕਰਵਾ ਦਿੱਤੇ ਜਾਣ ਦੀ ਖਬਰ ਹੈ।
ਦੱਸਣਯੋਗ ਹੈ ਕਿ ਬੀਤੇ ਸਮੇਂ ਦੌਰਾਨ ਦਰਿਆ ਬਿਆਸ ਵਿੱਚ ਕਥਿਤ ਤੌਰ ‘ਤੇ ਵਿਅਕਤੀ ਨੂੰ ਮਾਰ ਕੇ ਸੁੱਟਣ ਦੇ ਦੋ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਦਰਿਆ ਵਿੱਚ ਛਾਲ ਮਾਰ ਖੁਦਕੁਸ਼ੀ ਕਰਨ ਦੇ ਵੀ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ। ਅਜਿਹੇ ਮਾਮਲਿਆ ਨੂੰ ਸੁਲਝਾਉਣ ਵਿੱਚ ਸੀਸੀਟੀਵੀ ਕੈਮਰਿਆ ਦੀ ਮੁੱਖ ਭੂਮਿਕਾ ਹੁੰਦੀ ਹੈ।
ਇਸ ਮੌਕੇ ਗੱਲਬਾਤ ਦੌਰਾਨ ਐੱਸ.ਐੱਚ.ਓ. ਹਰਜੀਤ ਸਿੰਘ ਖਹਿਰਾ ਨੇ ਕਿਹਾ, ਕਿ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐੱਸ. ਵੱਲੋਂ ਥਾਣਾ ਬਿਆਸ ਦਾ ਦੌਰਾ ਕਰਨ ਦੌਰਾਨ ਮੁਲਾਜਮਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਇਲਾਵਾ ਦਰਿਆ ਬਿਆਸ ਸਪੈਸ਼ਲ ਨਾਕੇ ‘ਤੇ ਚੈਕਿੰਗ ਕੀਤੀ ਗਈ ਹੈ।