ਅੰਮ੍ਰਿਤਸਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਨਵੀਂ ਪਾਰਟੀ (New party) ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 117 ਵਿਧਾਨ ਸਭਾ ਸੀਟਾਂ ‘ਤੇ ਸਾਡੀ ਪਾਰਟੀ ਚੋਣਾਂ ਲੜੇਗੀ। ਕੈਪਟਨ ਦੇ ਨਵੀਂ ਪਾਰਟੀ ਦੇ ਗਠਨ ਨੂੰ ਲੈਕੇ ਕਿਸਾਨ ਆਗੂ ਹਰਜੀਤ ਸਿੰਘ ਜੀਤਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ ਸਾਢੇ ਚਾਰ ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਉਸ ਕਾਰਜਕਾਲ ਦੌਰਾਨ ਉਨ੍ਹਾਂ ਕਿਸਾਨਾਂ ਦਾ ਕੁਝ ਨਹੀਂ ਸੋਚਿਆ ਕਿ ਹੁਣ ਕੀ ਸੋਚਣਗੇ।
ਕਿਸਾਨਾਂ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਕੈਪਟਨ ਕੇਂਦਰ ਸਰਕਾਰ (Central Government) ਦੀ ਕਠਪੁਤਲੀ ਹਨ ਤੇ ਉਨ੍ਹਾਂ ਦੇ ਰਿਮੋਟ ਦੇ ਨਾਲ ਚੱਲ ਰਹੇ ਹਨ ਕਿਉਂਕਿ ਕੈਪਟਨ ਦੀਆਂ ਫਾਈਲਾਂ ਕੇਂਦਰ ਸਰਕਾਰ ਕੋਲ ਦੱਬੀਆਂ ਪਈਆਂ ਹਨ ਜਿਸ ਦੇ ਚੱਲਦੇ ਕੈਪਟਨ ਭਾਜਪਾ ਦੇ ਇਸ਼ਾਰੇ ‘ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਉਹ ਕਿਸਾਨਾਂ ਦੇ ਹਿਤੈਸ਼ੀ ਹੁੰਦੇ ਤਾਂ ਸਾਢੇ ਚਾਰ ਸਾਲ ਵਿੱਚ ਹੀ ਕਿਸਾਨਾਂ ਦੇ ਹੱਕ ‘ਚ ਕੁਝ ਸੋਚਦੇ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਖੇਤੀ ਪ੍ਰਧਾਨ ਸੂਬਾ ਹੈ ਜੋ ਪੰਜਾਬ ਕਰਦਾ ਉਹੀ ਦੇਸ਼ ਕਰਦਾ ਇਸ ਕਰਕੇ ਪੰਜਾਬ ਵੱਲ ਸਾਰੇ ਦੇਸ਼ ਦੀਆਂ ਨਜ਼ਰਾਂ ਹਨ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਪੰਜਾਬ ਦੀ ਕਮਾਂਡ ਤੁਹਾਡੇ ਹੱਥ ਵਿਚ ਰਹੀ ਤੁਸੀਂ ਉਸ ਦੌਰਾਨ ਵੀ ਕੁਝ ਨਹੀਂ ਕਰ ਸਕੇ ਤੇ ਹੁਣ ਕੀ ਕਰ ਸਕੋਗੇ। ਕਿਸਾਨ ਆਗੂ ਨੇ ਕਿਹਾ ਕਿ ਜਦੋਂ ਕੈਪਟਨ ਨੇ ਸੀਐਮ ਦਾ ਅਹੁਦਾ ਸੰਭਾਲਿਆ ਸੀ ਅਤੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਸੀ ਤਾਂ ਇਸ ਮੀਟਿੰਗ ਦੇ ਵਿੱਚ ਉਨ੍ਹਾਂ ਨੂੰ ਨਕਲੀ ਦੁੱਧ ਬੰਦ ਕਰਨ ਦੀ ਗੱਲ ਕਹੀ ਗਈ ਸੀ ਪਰ ਅਜੇ ਤੱਕ ਨਕਲੀ ਦੁੱਧ ਬੰਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਕਲੀ ਦੁੱਧ ਕਾਰਨ ਲੋਕ ਮਰ ਰਹੇ ਹਨ।
ਕੈਪਟਨ ਦੇ ਨਵੀਂ ਪਾਰਟੀ ਬਣਾਉਣ ਨੂੰ ਲੈਕੇ ਕਿਸਾਨ ਆਗੂ ਨੇ ਕਿਹਾ ਕਿ ਜਿੰਨੀਆਂ ਮਰਜ਼ੀ ਪਾਰਟੀਆਂ ਬਣਾ ਲੈਣ ਪਰ ਦੋ ਹਜਾਰ ਬਾਈ ਦੀਆਂ ਚੋਣਾਂ ‘ਚ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਉਹ ਕੇਂਦਰ ਸਰਕਾਰ ਦੀ ਕਠਪੁਤਲੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਪੰਜਾਬ ‘ਚ ਨਹੀਂ ਵੜਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਕੈਪਟਨ ਬਣਾਉਣਗੇ ਨਵੀਂ ਪਾਰਟੀ, ਸ਼੍ਰੋਅਦ(ਟ) ਤੇ BJP ਨਾਲ ਗਠਜੋੜ ਨਹੀਂ