ਅੰਮ੍ਰਿਤਸਰ: ਪਿੰਡ ਫੇਰੂਮਾਨ ਵਿੱਚ ਕਿਸਾਨ ਦਾ ਵਿਲੱਖਣ ਤਜ਼ਰਬਾ ਸਫਲ ਹੋਇਆ ਹੈ। ਇਸ ਤਜ਼ੁਰਬੇ ਨਾਲ ਜਿੱਥੇ ਕਿਸਾਨ ਅਤੇ ਉਸਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਉੱਥੇ ਹੀ ਕਿਸੇ ਸਮੇਂ ਕਿਸਾਨ ਦਾ ਮਖੌਲ ਉਡਾਉਣ ਵਾਲੇ ਵੀ ਇਸ ਖ਼ਾਸ ਤਜਰਬੇ ਲਈ ਕਿਸਾਨ ਦੀ ਵਾਹ ਵਾਹ ਕਰ ਰਹੇ ਹਨ। ਜੀ ਹਾਂ ਅਸੀਂ ਇਕ ਅਜਿਹੇ ਕਿਸਾਨ ਦੀ ਗੱਲ ਕਰ ਰਹੇ ਹਾਂ ਜੋ ਫਸਲੀ ਚੱਕਰ ਤੋਂ ਬਾਹਰ ਆ ਕੇ ਸਹਾਇਕ ਧੰਦਿਆਂ ਨੂੰ ਪਹਿਲ ਦੇ ਰਿਹਾ ਹੈ।
ਕਿਵੇਂ ਕੀਤੀ ਸ਼ੁਰੂਆਤ: ਗੱਲਬਾਤ ਦੌਰਾਨ ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਸ ਨੇ 100 ਦੇ ਕਰੀਬ ਸੇਬਾਂ ਦੇ ਬੂਟੇ ਆਪਣੇ ਇਲਾਕੇ ਦੇ ਵੱਖ ਵੱਖ ਥਾਵਾਂ 'ਤੇ ਲਗਾਏ ਸਨ। ਜਿਸ ਵਿੱਚ ਸਕੂਲ, ਕਾਲਜ, ਘਰ ਅਤੇ ਜਨਤਕ ਥਾਵਾਂ ਸ਼ਾਮਿਲ ਸਨ। ਇਸੇ ਦੌਰਾਨ ਜਦੋਂ ਉਸ ਨੇ ਜਨਤਕ ਥਾਵਾਂ ਤੇ ਸੇਬਾਂ ਦੇ ਬੂਟੇ ਲਗਾਏ ਤਾਂ ਉਸਦੇ ਕੁਝ ਪਿੰਡ ਵਾਸੀ ਉਸ ਦਾ ਮਖੌਲ ਉਡਾਂਦੇ ਸਨ ਕਿ ਪੰਜਾਬ ਵਿੱਚ ਕਿੱਥੋਂ ਸੇਬ ਲੱਗਣਗੇ ਪਰ ਅੱਜ 3 ਸਾਲ ਬਾਅਦ ਜਿੱਥੇ ਸੇਬਾਂ ਦੇ ਕੁਝ ਬੂਟੇ ਉਘਰੇ ਹਨ। ਉੱਥੇ ਹੀ ਘਰ ਵਿੱਚ ਲਗਾਏ ਸੇਬਾਂ ਦੇ ਬੂਟਿਆਂ ਤੇ ਬੀਤੇ ਮਹੀਨੇ ਤੋਂ ਲਗਾਤਾਰ ਫਲ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਬੂਟੇ 'ਤੇ ਕਰੀਬ 50 ਕਿਲੋ ਸੇਬ ਦਾ ਫਲ ਲੱਗਾ ਹੈ ਜੋ ਕਿ ਗੋਲਡਨ ਸੇਬ ਦੇ ਰੂਪ ਵਿੱਚ ਹੈ ਅਤੇ ਹਲਕੀ ਲਾਲੀ ਦਿਖਾਉਂਦਾ ਹੈ। ਸਰਵਣ ਸਿੰਘ ਨੇ ਦੱਸਿਆ ਕਿ ਘਰ ਦੀ ਬਗੀਚੀ ਵਿੱਚ ਲੱਗੇ ਇਹ ਸੇਬ ਦੇ ਬੂਟੇ ਜਿੱਥੇ ਸੁੰਦਰ ਦਿਖਾਈ ਦਿੰਦੇ ਹਨ ਉਥੇ ਇਹ ਬੇਹੱਦ ਰਸ ਨਾਲ ਭਰਪੂਰ ਵੀ ਹਨ।