ਅੰਮ੍ਰਿਤਸਰ: ਬੀਤੇ ਦਿਨੀ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮਹਿਤਾ ਅਧੀਨ ਪੈਂਦੇ ਪਿੰਡ ਸੈਦੋਲੇਹਲ ਦੇ ਇਕ ਨੌਜਵਾਨ ਦਾ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ 'ਤੇ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਹਮਣੇ ਆਇਆ ਸੀ। ਜਿਸ ਵਿੱਚ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਰੀਬ 8 ਕਥਿਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 2 ਦਿਨ ਬੀਤ ਜਾਣ 'ਤੇ ਵੀ ਪੁਲਿਸ ਵਲੋਂ ਮੁਲਜ਼ਮਾਂ ਨੂੰ ਕਾਬੂ ਨਾ ਕਰਨ 'ਤੇ ਭੜਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬਿਆਸ ਤੋਂ ਬਟਾਲਾ ਨੂੰ ਜਾਂਦੇ ਮੁੱਖ ਮਾਰਗ 'ਤੇ ਮਹਿਤਾ ਚੌਂਕ ਵਿੱਚ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ।
ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ: ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਪ੍ਰਸ਼ਾਸ਼ਨ ਖਿਲਾਫ਼ ਤਿੱਖੀ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਪੁੱਜੇ ਐਸਪੀ ਹੈਡਕਵਾਟਰ ਜਸਵੰਤ ਕੌਰ ਨੇ ਧਰਨਾਕਾਰੀਆਂ ਨੂੰ ਭਰੋਸਾ ਦੇ ਕੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ 'ਤੇ ਇਲਜ਼ਾਮ ਲਗਾਏ ਕਿ ਪੈਸੇ ਦੇ ਦਬਾਅ ਹੇਠ ਕਥਿਤ ਮੁਲਜ਼ਮਾਂ ਨੂੰ ਪੁਲਿਸ ਕਾਬੂ ਨਹੀਂ ਕਰ ਰਹੀ। ਜਿਸ 'ਚ ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਲੜਾਈ ਛਡਵਾਉਣ ਗਏ ਨੂੰ ਮਾਰੀ ਗੋਲੀ: ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਪੁਲਿਸ ਨੂੰ ਜੇ ਮੁਲਜ਼ਮ ਨਹੀਂ ਮਿਲਦੇ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੁੱਕੇ ਤਾਂ ਜੋ ਦੋਸ਼ੀ ਫੜੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁੱਖ ਮੁਲਜ਼ਮ ਦਾ ਪਰਚੇ 'ਚ ਨਾਮ ਹੀ ਨਹੀਂ ਪਾਇਆ, ਜਿਸ ਕਾਰਨ ਉਹ ਇਥੇ ਧਰਨੇ 'ਤੇ ਬੈਠਣ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਲੜਾਈ ਨੂੰ ਛਡਵਾਉਣ ਗਿਆ ਸੀ ਤਾਂ ਉਨ੍ਹਾਂ ਇਸ ਨੂੰ ਹੀ ਗੋਲੀ ਮਾਰ ਦਿੱਤੀ।